ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲਿਆਂ ਨੂੰ ਵਰਜਿਆ
ਇਥੋਂ ਦੇ ਗੁਰਸ਼ਰਨ ਕਲਾ ਭਵਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਹਮਖਿਆਲ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਹੋਰਨਾਂ ਆਗੂਆਂ ਨੇ ਸੰਘਰਸ਼ ਰਾਹੀਂ ਮੁਕਤੀ ਹਾਸਲ ਕਰਨ ਦੀ ਮੁਹਿੰਮ ਪਿੰਡ ਪੱਧਰ 'ਤੇ ਲਿਜਾਣ ਦਾ ਫ਼ੈਸਲਾ ਕੀਤਾ। ਸੂਬਾ ਪ੍ਰਧਾਨ ਧਨੇਰ ਤੋਂ ਇਲਾਵਾ ਨਰਾਇਣ ਦੱਤ, ਕੰਵਲਜੀਤ ਖੰਨਾ, ਗੁਰਦੀਪ ਰਾਮਪੁਰਾ, ਹਰੀਸ਼ ਨੱਢਾ, ਹਰਨੇਕ ਮਹਿਮਾ ਨੇ ਕਿਹਾ ਕਿ ਧਰਤੀ 'ਤੇ ਕਾਰਬਨ ਡਾਈਅਕਸਾਈਡ ਲਗਾਤਾਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਕਾਰਨ ਸਾਮਰਾਜੀ ਕਾਰਪੋਰੇਟ ਮਾਡਲ ਅਤੇ ਇਸ ਵਲੋਂ ਵਰਤਿਆ ਜਾ ਰਿਹਾ ਜੈਵਿਕ ਬਾਲਣ ਹੈ। ਜੈਵਿਕ ਬਾਲਣ ਉੱਪਰ ਸਾਮਰਾਜੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ। ਪੰਜਾਬ ਦੇ ਵਰਤਮਾਨ ਹਾਲਾਤ 'ਤੇ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੂਬੇ ਦੇ ਹਾਲਾਤ ਬਦਤਰ ਹਨ। ਵਿਗਿਆਨਕ ਮਾਹਿਰਾਂ ਦਾ ਮੰਨਣਾ ਹੈ ਕਿ 2050 ਤੱਕ ਵਾਤਾਵਰਣ ਮਨੁੱਖੀ ਜ਼ਿੰਦਗੀ ਦੇ ਰਹਿਣ ਯੋਗ ਨਹੀਂ ਹੋਵੇਗਾ। ਕੁਦਰਤੀ ਬਨਸਪਤੀ ਨਹੀਂ ਬਚੇਗੀ। ਭਾਈਚਾਰਕ ਸਾਂਝ 'ਤੇ ਜ਼ੋਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਇਸ ਸਾਂਝ ਨੂੰ ਤੋੜਨ ਦੀ ਮਨਸ਼ਾ ਪਾਲਦਿਆਂ ਪੰਜਾਬ ਵਿੱਚ ਕੁਝ ਫ਼ਿਰਕਾਪ੍ਰਸਤ ਤਾਕਤਾਂ ਪਰਵਾਸੀ ਮਜ਼ਦੂਰਾਂ ਪ੍ਰਤੀ ਨਫ਼ਰਤ ਫੈਲਾ ਰਹੀਆਂ ਹਨ। ਉਨ੍ਹਾਂ ਸਰਕਾਰਾਂ ਨੂੰ ਵੀ ਇਸ ਤੋਂ ਖ਼ਬਰਦਾਰ ਕੀਤਾ। ਮੀਟਿੰਗ ਨੇ ਅਹਿਦ ਲਿਆ ਕਿ ਇਨ੍ਹਾਂ ਫ਼ਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਵਿੱਚ ਹੜ੍ਹਾਂ ਦੀ ਮਚਾਈ ਤਬਾਹੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸਿਰਹਾਣੇ ਬਾਂਹ ਦੇ ਕੇ ਸੁੱਤੀਆਂ ਰਹੀਆਂ ਅਤੇ ਹੁਣ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਹ ਜਦੋਂ ਲੋਕਾਂ ਵਿੱਚੋਂ ਸਵਾਲ ਉੱਠਣੇ ਸ਼ੁਰੂ ਹੋਏ ਤਾਂ 1600 ਕਰੋੜ ਅਤੇ 12000 ਕਰੋੜ ਦੇ ਗਧੀਗੇੜ ਵਿੱਚ ਉਲਝਾ ਰੱਖਿਆ ਹੈ। ਡੈਮਾਂ, ਦਰਿਆਵਾਂ ਵਿੱਚੋਂ ਮਿੱਟੀ, ਸਿਲਟ ਕੱਢਣ, ਦਰਿਆਵਾਂ, ਨਦੀਆਂ, ਨਹਿਰਾਂ, ਸੂਏ, ਡਰੇਨਾਂ ਦੇ ਬੰਨ੍ਹ ਮਜ਼ਬੂਤ ਕਰਨ ਲਈ ਜਾਰੀ ਕੀਤੇ ਜਾਂਦੇ ਕਰੋੜਾਂ ਰੁਪਏ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਦੇ ਢਿੱਡਾਂ ਵਿੱਚ ਚਲੇ ਜਾਂਦੇ ਹਨ। ਚਰਚਾ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਅੰਦਰ ਹੜ੍ਹਾਂ ਵਲੋਂ ਮਚਾਈ ਤਬਾਹੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹਨ। ਗੰਭੀਰ ਚਰਚਾ ਤੋਂ ਬਾਅਦ ਫ਼ੈਸਲਾ ਕੀਤਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਰੇਹ, ਤੇਲ, ਬੀਜ, ਟਰੈਕਟਰ ਅਤੇ ਮਜ਼ਦੂਰ ਪਰਿਵਾਰਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਘਰ-ਘਰ ਮੁਹਿੰਮ ਚਲਾਈ ਜਾਵੇਗੀ। ਇਕੱਤਰਤਾ ਨੂੰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਤੋਂ ਇਲਾਵਾ ਸੁਰਿੰਦਰ ਸਿੰਘ, ਬੀਬੀ ਹਰਜਿੰਦਰ ਕੌਰ, ਅਮਰਜੀਤ ਸਿੰਘ ਕਾਲਸਾਂ, ਜਸਵਿੰਦਰ ਭਮਾਲ, ਪਰਗਟ ਸਿੰਘ ਕੋਟਦੁੱਨਾ, ਜਗਤਾਰ ਸਿੰਘ ਸ਼ੇਖੂਪੁਰਾ, ਪ੍ਰਿਤਪਾਲ ਮੰਡੀ ਕਲਾਂ ਨੇ ਵੀ ਸੰਬੋਧਨ ਕੀਤਾ।