ਇਸ ਸਾਲ ਮੀਂਹ ਦੇ ਭੇਟ ਚੜ੍ਹਿਆ ਛਪਾਰ ਦਾ ਮੇਲਾ
ਖਾਣ-ਪੀਣ ਦੀਆਂ ਵਸਤਾਂ ਦਾ ਬੁਰਾ ਹਾਲ
ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਇਸ ਵਾਰ ਮੀਂਹ ਕਾਰਨ ਫਿੱਕਾ ਪੈ ਗਿਆ ਹੈ। ਮੇਲੇ ਦੇ ਦੂਜੇ ਦਿਨ ਸਵੇਰ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਪ੍ਰਬੰਧਕਾਂ ਅਤੇ ਦੁਕਾਨਦਾਰਾਂ ਦੀ ਕਮਾਈ ਬਰਬਾਦ ਕਰ ਦਿੱਤੀ ਹੈ। ਅੱਜ 7 ਤਰੀਕ ਨੂੰ ਵਿਚਕਾਰਲਾ ਦਿਨ ਹੋਣ ਕਰਕੇ ਸਿਆਸੀ ਕਾਨਫਰੰਸਾਂ ਪਹਿਲਾਂ ਹੀ ਰੱਦ ਸਨ, ਪਰ ਇਕੱਠ ਸਿਖਰਾਂ ’ਤੇ ਹੋਣਾ ਸੀ ਜਿਵੇਂ ਹੀ ਧੁੱਪ ਨਿਕਲਣ ਨਾਲ ਦੁਕਾਨਦਾਰਾਂ ਵਿੱਚ ਕੁਝ ਆਸ ਬੱਝੀ ਪਰ ਬਾਅਦ ਦੁਪਹਿਰ ਦੇ ਬੱਦਲਾਂ ਅਤੇ ਹਲਕੀ ਬਰਸਾਤ ਨੇ ਫਿਰ ਮੇਲੇ ਨੂੰ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਜਿਸ ਕਾਰਨ ਇਸ ਵਾਰ ਸ਼ਰਧਾਲੂਆਂ ਦੀ ਛਪਾਰ ਮੇਲੇ ਵਿੱਚ ਵੱਡੀ ਕਮੀ ਵੇਖਣ ਨੂੰ ਮਿਲੀ।
ਮੇਲੇ ਵਿੱਚ ਲੱਖਾਂ ਰੁਪਏ ਵਿੱਚ ਠੇਕੇ 'ਤੇ ਜ਼ਮੀਨ ਲੈਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਅਜਾਇਬ ਸਿੰਘ ਨੇ ਕਿਹਾ ਕਿ ਮਹਿੰਗਾਈ ਪਹਿਲਾਂ ਹੀ ਕਮਰ ਤੋੜ ਚੁੱਕੀ ਹੈ, ਹੁਣ ਇਸ ਕੁਦਰਤੀ ਆਫ਼ਤ ਨੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਅਸੀਂ ਕਿੱਥੇ ਜਾਈਏ?
ਦੂਜੇ ਪਾਸੇ ਮੀਂਹ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋ ਰਹੀਆਂ ਹਨ। ਖਜਲਾ, ਮਠਿਆਈਆਂ ਅਤੇ ਸਨੈਕਸ ਸੜ ਰਹੇ ਹਨ। ਦੋਸ਼ ਹੈ ਕਿ ਕੁਝ ਦੁਕਾਨਦਾਰ ਲੋਕਾਂ ਨੂੰ ਇਹ ਬਾਸੀ ਉੱਲੀ ਲੱਗੀਆਂ ਚੀਜ਼ਾਂ ਖਵਾ ਰਹੇ ਹਨ। ਇਸ ਨਾਲ ਬਿਮਾਰੀਆਂ ਦਾ ਵੱਡਾ ਖ਼ਤਰਾ ਹੈ। ਗੁਰਜੋਤ ਢੀਂਡਸਾ ਹਲਕਾ ਅਮਰਗੜ੍ਹ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਇਹ ਵੱਡੀ ਨਲਾਇਕੀ ਹੈ ਕਿ ਮੇਲਾ ਛਪਾਰ ਵਿੱਚ ਪਹੁੰਚਣ ਵਾਲੇ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਨੂੰ ਖਾਣ ਪੀਣ ਵਾਲੇ ਪਦਾਰਥਾਂ ਰਾਹੀਂ ਬਿਮਾਰੀਆਂ ਪਰੋਸ ਕੇ ਦੇਣਗੇ, ਢੀਂਡਸਾ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਖੋਖਲੇ ਪ੍ਰਬੰਧਾਂ ਤੋਂ ਲੋਕ ਸੁਚੇਤ ਰਹਿਣ ਅਤੇ ਆਪਣੀ ਸਿਹਤ ਦਾ ਖਿਆਲ ਖੁੱਦ ਰੱਖਣ।
ਮੇਲੇ ’ਚੋਂ ਗਾਇਬ ਸਿਹਤ ਵਿਭਾਗ ਦੀ ਟੀਮ
ਇਸ ਮੇਲੇ ਵਿੱਚ ਸਿਹਤ ਵਿਭਾਗ ਦੀ ਕਿਸੇ ਵੀ ਟੀਮ ਵੱਲੋਂ ਦੁਕਾਨਾਂ ’ਤੇ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਨਹੀਂ ਕੀਤੀ ਗਈ। ਹਾਲਾਂਕਿ ਹਰ ਸਾਲ ਸਿਹਤ ਵਿਭਾਗ ਮੇਲੇ ਦੌਰਾਨ ਕੈਂਪ ਲਗਾਉਂਦਾ ਹੈ ਤੇ ਜਾਂਚ ਵੀ ਕਰਦਾ ਹੈ। ਇਸ ਸਬੰਧੀ ਐੱਸਐੱਮਓ ਪੱਖੋਵਾਲ ਡਾ. ਨੀਲਮ ਨੇ ਕਿਹਾ ਕਿ ਸਾਨੂੰ ਵਿਭਾਗ ਵੱਲੋਂ ਕੋਈ ਆਦੇਸ਼ ਨਹੀਂ ਮਿਲਿਆ ਹੈ। ਜਿਵੇਂ ਹੀ ਸਾਨੂੰ ਆਦੇਸ਼ ਮਿਲੇਗਾ, ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਮੈਡੀਕਲ ਟੀਮਾਂ ਭੇਜੀਆਂ ਜਾਣਗੀਆਂ।