ਚੋਰਾਂ ਨੇ ਦੋ ਘਰਾਂ ਦੇ ਤਾਲੇ ਤੋੜੇ
ਵੱਖ-ਵੱਖ ਥਾਵਾਂ ਤੋਂ ਚੋਰ ਘਰੇਲੂ ਸਾਮਾਨ ਅਤੇ ਨਕਦੀ ਚੋਰੀ ਕਰ ਕੇ ਲੈ ਗਏ ਜਦਕਿ ਇੱਕ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਜੋਧੇਵਾਲ ਦੀ ਪੁਲੀਸ ਨੂੰ ਮੁਹੱਲਾ ਦੀਪ ਵਿਹਾਰ ਬਾਹਾਦਰਕੇ ਰੋਡ ਵਾਸੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਮੈਨਾ ਤੇ ਲੜਕੇ ਨਾਲ ਕਮਰੇ ਨੂੰ ਤਾਲਾ ਲਗਾ ਕੇ ਆਪਣੇ ਕੰਮ ਗਏ ਸਨ। ਸਵੇਰੇ 11-30 ਵਜੇ ਦੇ ਕਰੀਬ ਫੈਕਟਰੀ ਦੇ ਸਕਿਉਰਟੀ ਗਾਰਡ ਮੋਤੀ ਦਾ ਫੋਨ ਆਉਣ ’ਤੇ ਉਹ ਪਤਨੀ ਨਾਲ ਕਮਰੇ ਵਿੱਚ ਆਇਆ ਅਤੇ ਵੇਖਿਆ ਕਿ ਕਮਰੇ ਦੀ ਕੰਧ ਨਾਲ ਟੰਗਿਆ ਬੈਗ ਜਿਸ ਵਿੱਚ ਉਸ ਦੀ ਪਤਨੀ ਦੀਆਂ ਪੰਜੇਬਾਂ ਅਤੇ 6 ਹਜ਼ਾਰ ਰੁਪਏ ਦੀ ਨਗਦੀ ਸੀ, ਕੋਈ ਅਣਪਛਾਤਾ ਵਿਆਕਤੀ ਕਮਰੇ ਦਾ ਤਾਲਾ ਤੋੜ ਕੇ ਚੋਰੀ ਕਰਕੇ ਲੈ ਗਿਆ। ਥਾਣੇਦਾਰ ਜਸਵਿੰਦਰ ਪਾਲ ਨੇ ਦੱਸਿਆ ਕਿ ਦੋਰਾਨੇ ਤਫ਼ਤੀਸ਼ ਮੁਹੰਮਦ ਸੈਫ ਵਾਸੀ ਨਿਊ ਹਰਵਿੰਦਰ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਮੋਬਾਈਲ ਫੋਨ ਅਤੇ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਫਰ 8 ਦੀ ਪੁਲੀਸ ਨੂੰ ਕ੍ਰਿਸ਼ਨਾ ਨਗਰ ਸਿਵਲ ਲਾਈਨ ਵਾਸੀ ਬਿੰਦਰ ਕੌਰ ਨੇ ਦੱਸਿਆ ਹੈ ਕਿ ਕ੍ਰਿਸ਼ਨਾ ਨਗਰ ਸਿਵਲ ਲਾਈਨ ਸਥਿਤ ਉਸ ਦੇ ਘਰ ਦੇ ਹੇਠਲੀ ਮੰਜ਼ਿਲ ਦੇ ਦੇ ਕਮਰਿਆਂ ਦੇ ਤਾਲੇ ਤੋੜ ਕੇ ਘਰ ’ਚੋਂ ਸਾਮਾਨ ਚੋਰੀ ਕਰ ਲੈ ਗਏ। ਉਸ ਨੇ ਜਦੋਂ ਕੈਨੇਡਾ ਤੋਂ ਵਾਪਸ ਆਕੇ ਦਵਿੰਦਰ ਸਿੰਘ ਨੂੰ ਇਸ ਬਾਰੇ ਪੁੱਛਿਆ ਤਾਂ ਦਵਿੰਦਰ ਸਿੰਘ, ਉਸਦੀ ਪਤਨੀ ਮਨਜੀਤ ਕੌਰ, ਲੜਕੇ ਹਰਪ੍ਰੀਤ ਸਿੰਘ ਅਤੇ ਹਰਪ੍ਰੀਤ ਦੀ ਪਤਨੀ ਬਨਮੀਤ ਕੌਰ ਅਤੇ ਲੜਕੇ ਕਰਨਬੀਰ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆਂ। ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।
