ਪੰਜਾਬ ਦੀ ਦਿਸ਼ਾ ਤੇ ਦਸ਼ਾ ਬਦਲਣਗੀਆਂ ਇਹ ਚੋਣਾਂ: ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਦਾਖਾ ਵਿੱਚ ਤਿੰਨ ਜ਼ਿਲ੍ਹਾ ਪਰਿਸ਼ਦ ਅਤੇ 25 ਬਲਾਕ ਸਮਿਤੀ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਹਾਂਸ ਕਲਾਂ, ਪੁੜੈਣ, ਮਾਨ ਤੇ ਹੋਰ ਜ਼ੋਨਾਂ ਅੰਦਰ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਦੇ ਉਦਘਾਟਨ ਵੀ ਕੀਤੇ। ਇਸ ਮੌਕੇ ਕੈਪਟਨ ਸੰਦੀਪ ਸੰਧੂ ਤੇ ਹੋਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਬਦਲਣ ਦਾ ਕੰਮ ਕਰਨਗੀਆਂ। ਇਨ੍ਹਾਂ ਚੋਣਾਂ ਨੂੰ ਸੈਮੀਫਾਈਨਲ ਦੱਸਦਿਆਂ ਉਨ੍ਹਾਂ ਆਖਿਆ ਕਿ ਇਸ ਤੋਂ ਕਿਸੇ ਹੱਦ ਤਕ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਾਫ਼ ਹੋਵੇਗੀ। ਇਸ ਲਈ ਜਿਵੇਂ ਹਲਕਾ ਦਾਖਾ ਨੇ ਪਹਿਲਾਂ ਇਤਿਹਾਸ ਦਾ ਨਵਾਂ ਪੰਨਾ ਲਿਖਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪੂਰੇ ਪੰਜਾਬ ਵਿੱਚੋਂ ਇਕੱਲੇ ਮੁੱਲਾਂਪੁਰ ਦਾਖਾ ਵਿੱਚ ਨਗਰ ਕੌਂਸਲ ਕਾਂਗਰਸ ਦੀ ਝੋਲੀ ਪਾਈ ਉਸੇ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਵੀ ਵੱਧ ਤੋਂ ਵੱਧ ਕਾਂਗਰਸ ਦੇ ਉਮੀਦਵਾਰ ਜਿੱਤਣੇ ਚਾਹੀਦੇ ਹਨ। ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਮੌਕੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਰਾਜਾਸਾਂਸੀ, ਡੇਰਾ ਬਾਬਾ ਨਾਨਕ ਸਣੇ ਹੋਰ ਦਰਜਨਾਂ ਥਾਵਾਂ ’ਤੇ ਵਿਰੋਧੀਆਂ ਨੂੰ ਕਾਗਜ਼ ਹੀ ਦਾਖ਼ਲ ਨਹੀਂ ਕਰ ਦਿੱਤੇ ਗਏ। ਕੁਝ ਥਾਵਾਂ ’ਤੇ ਕਾਂਗਰਸੀ ਉਮੀਦਵਾਰਾਂ ਨੂੰ ਕੁੱਟਿਆ ਵੀ ਗਿਆ ਤੇ ਨਾਮਜ਼ਦਗੀ ਕਾਗਜ਼ ਵੀ ਖੋਹ ਲਏ ਗਏ। ਇਸ ਲਈ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾ ਕੇ ਲੋਕ ਸਬਕ ਜ਼ਰੂਰ ਸਿਖਾਉਣ।
ਕੈਪਟਨ ਸੰਦੀਪ ਸੰਧੂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ
Advertisementਰਾਜਾ ਵੜਿੰਗ ਨੇ ਇਸ ਮੌਕੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਰੱਜਵੀਂ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਦੋ ਵਾਰ ਚੋਣ ਹਾਰਨ ਦੇ ਬਾਵਜੂਦ ਉਨ੍ਹਾਂ ਨੇ ਜਿੱਤੇ ਹੋਏ ਵਿਧਾਇਕ ਨਾਲੋਂ ਵੱਧ ਡਿਊਟੀ ਤੇ ਸੇਵਾ ਨਿਭਾਈ ਹੈ। ਇਸ ਕਰਕੇ ਹਲਕਾ ਦਾਖਾ ਦੇ ਵੋਟਰਾਂ ਦਾ ਫਰਜ਼ ਬਣਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਕੰਮ ਕਰਨ। ਇਹ ਕੰਮ ਵੋਟਰ ਕਰ ਦੇਣ ਅਤੇ ਬਾਕੀ ਕੈਪਟਨ ਸੰਧੂ ਨੂੰ ਮੰਤਰੀ ਬਣਾਉਣ ਦਾ ਕੰਮ ਉਹ ਰਾਹੁਲ ਗਾਂਧੀ ਤੇ ਮਲਿਕਾਰੁਜਨ ਖੜਗੇ ਤੋਂ ਆਪੇ ਕਰਵਾ ਲੈਣਗੇ।
