ਦੁਕਾਨਾਂ ਅਤੇ ਘਰਾਂ ਵਿੱਚੋਂ ਸਾਮਾਨ ਚੋਰੀ
ਵੱਖ-ਵੱਖ ਥਾਵਾਂ ਤੇ ਸਥਿਤ ਘਰਾਂ ਅਤੇ ਦੁਕਾਨਾਂ ਵਿੱਚੋਂ ਚੋਰ ਨਕਦੀ, ਗਹਿਣੇ, ਪਸ਼ੂ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਸਥਿਤ ਰੂਪਾ ਮਿਸਤਰੀ ਗਲੀ ਨੇੜੇ ਜੈਨ ਧਰਮਸ਼ਾਲਾ ਵਿੱਚ ਲਲਿਤ ਗਰਗ ਵਾਸੀ ਮੁਹੱਲਾ ਚੰਦਰ ਨਗਰ ਸਿਵਲ ਲਾਈਨ ਦੀ ਦੁਕਾਨ ਰੋਹਿਤ ਟਰੇਡਿੰਗ ਕੰਪਨੀ ਦੇ ਸ਼ਟਰ ਦੇ ਤਾਲੇ ਤੋੜਕੇ ਦੁਕਾਨ ਅੰਦਰੋਂ ਪਰਚੂਨ ਦਾ ਸਾਮਾਨ ਅਤੇ ਕਰੀਬ 35-40 ਹਜ਼ਾਰ ਰੁਪਏ ਦੀ ਨਕਦੀ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। ਕੀਜ ਹੋਟਲ ਨੇੜੇ ਆਨੰਦ ਵਿਹਾਰ ਵਿੱਚ ਅਜੇ ਦਾਸ ਵਾਸੀ ਪਿੰਡ ਕਨੈਚ ਦੇ ਫਰੰਟ ਲਾਇਨ ਸਿਕਿਓਰਿਟੀ ਐਂਡ ਅਲਾਇਟ ਸਰਵਿਸ ਕੰਪਨੀ ਵਿੱਚੋਂ ਲੋਹੇ ਦੀਆ ਪਾਈਪਾਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਪੀਏਯੂ ਦੇ ਇਲਾਕੇ ਵਿੱਚ ਕ੍ਰਿਸ਼ਨ ਦੇਵ ਰਾਜ ਵਾਸੀ ਮਹਾਰਿਸ਼ੀ ਵਾਲਮੀਕਿ ਨਗਰ ਦੇ ਡੇਅਰੀ ਫਾਰਮ ਵਿੱਚੋਂ ਰਾਤ ਸਮੇਂ ਕੋਈ ਵਿਅਕਤੀ ਚਾਰ ਦੁਧਾਰੂ ਗਾਵਾਂ ਚੋਰੀ ਕਰ ਕੇ ਲੈ ਗਿਆ ਹੈ ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ ਰੁਪਏ ਹੈ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਨੀਰਜ ਕੁਮਾਰ ਉਰਫ਼ ਲੱਭੂ ਵਾਸੀ ਪ੍ਰਤਾਪ ਸਿੰਘ ਵਾਲਾ, ਅੰਕੁਸ਼, ਬਲਜੀਤ ਸਿੰਘ ਉਰਫ਼ ਬੀਤਾ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਵਾਸੀ ਪਿੰਡ ਚਵਿੰਡਾ ਨੇ ਇਹ ਗਾਵਾਂ ਚੋਰੀ ਕੀਤੀਆਂ ਹਨ। ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹੀ ਮੁਹੱਲਾ ਵਿੱਚੋਂ ਅਣਪਛਾਤੇ ਵਿਅਕਤੀ ਸਕੂਲ ਵਿੱਚੋਂ ਮਿੱਡ-ਡੇਅ ਮੀਲ ਦੇ ਬਰਤਨ, ਟੂਟੀਆਂ, ਇਨਵਰਟਰ, ਬੈਟਰੀ, ਸਕੂਲ ਰਿਕਾਰਡ ਗਰਾਂਟਾਂ ਤੋਂ ਲਿਆਂਦਾ ਸਾਮਾਨ ਅਤੇ ਚਾਵਲਾਂ ਦੀਆਂ ਲਗਭਗ ਪੰਜ ਬੋਰੀਆਂ ਚੋਰੀ ਕਰ ਕੇ ਲੈ ਗਏ ਹਨ। ਇਸੇ ਤਰ੍ਹਾਂ ਗੋਪਾਲ ਨਗਰ ਚੌਕ ਸਥਿਤ ਅਲਫੀਆ ਕਨਫੈਕਸ਼ਨਰੀ ਦੇ ਮਾਲਕ ਫਹੀਮ ਅਹਿਮਦ ਅਣਪਛਾਤੇ ਵਿਅਕਤੀ ਦੁਕਾਨ ਵਿੱਚੋਂ ਪਰਚੂਨ ਦਾ ਸਾਮਾਨ, ਇਨਵਰਟਰ ਬੈਟਰਾ ਅਤੇ ਗੱਲੇ ਵਿੱਚ ਪਏ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ।