ਮੁੱਲਾਂਪੁਰ ਦਾਖਾ ਵਿੱਚ ਤਿੰਨ ਦੁਕਾਨਾਂ ’ਚ ਚੋਰੀ
ਛੱਤ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਚੋਰ ਨਕਦੀ ਲੈ ਕੇ ਫ਼ਰਾਰ
Advertisement
ਇੱਥੇ ਰਾਏਕੋਟ ਰੋਡ ’ਤੇ ਸਥਿਤ ਤਿੰਨ ਦੁਕਾਨਾਂ ਅੰਦਰ ਰਾਤ ਸਮੇਂ ਚੋਰੀ ਹੋ ਗਈ। ਚੋਰ ਦੁਕਾਨ ਦੇ ਸ਼ਟਰ ਤੋੜ ਕੇ ਦੁਕਾਨਾਂ ਵਿੱਚ ਦਾਖ਼ਲ ਹੋਏ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਇਹ ਘਟਨਾ ਸੋਮਵਾਰ ਸਵੇਰੇ ਉਸ ਸਮੇਂ ਸਾਹਮਣੇ ਆਈ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਪਹੁੰਚੇ। ਪੰਜਾਬ ਹੈਂਡਲੂਮ ਦੇ ਮਾਲਕ ਸ਼ਿਤਾਂਸ਼ੂ ਨੇ ਕਿਹਾ ਕਿ ਉਹ ਸ਼ਨਿੱਚਰਵਾਰ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਐਤਵਾਰ ਮਹੀਨੇ ਦਾ ਆਖ਼ਰੀ ਹੋਣ ਕਰਕੇ ਬਾਜ਼ਾਰ ਬੰਦ ਸੀ ਅਤੇ ਦੁਕਾਨਾਂ ਬੰਦ ਰਹੀਆਂ ਜਿਸ ਕਾਰਨ ਚੋਰੀ ਦੀ ਘਟਨਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਜਦੋਂ ਦੁਕਾਨਦਾਰ ਸੋਮਵਾਰ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਪਹੁੰਚੇ ਤਾਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਅਤੇ ਛੱਤਾਂ ਦੇ ਗੇਟ ਟੁੱਟੇ ਹੋਏ ਦੇਖੇ। ਦੁਕਾਨਾਂ ਦੇ ਅੰਦਰ ਸਾਮਾਨ ਖਿੰਡਿਆ ਹੋਇਆ ਸੀ ਅਤੇ ਨਕਦੀ ਦੇ ਡੱਬਿਆਂ ਵਿੱਚੋਂ ਨਕਦੀ ਗਾਇਬ ਸੀ। ਦੁਕਾਨਦਾਰਾਂ ਅਨੁਸਾਰ ਚੋਰ ਬੜੀ ਚਲਾਕੀ ਨਾਲ ਛੱਤ ਰਾਹੀਂ ਦੁਕਾਨਾਂ ਵਿੱਚ ਦਾਖ਼ਲ ਹੋਏ ਅਤੇ ਨਕਦੀ ਦੇ ਡੱਬਿਆਂ ਵਿੱਚੋਂ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ। ਦੁਕਾਨਦਾਰਾਂ ਨੂੰ ਸ਼ੱਕ ਹੈ ਕਿ ਇਹ ਅਪਰਾਧ ਇੱਕੋ ਗਰੋਹ ਦਾ ਹੈ ਕਿਉਂਕਿ ਜਿੰਦਰੇ ਅਤੇ ਸ਼ਟਰ ਤੋੜਨ ਦਾ ਤਰੀਕਾ ਪੇਸ਼ੇਵਰ ਜਾਪਦਾ ਸੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਵੀ ਛੋਟੀਆਂ-ਮੋਟੀਆਂ ਚੋਰੀ ਦੀਆਂ ਕੋਸ਼ਿਸ਼ਾਂ ਹੋਈਆਂ ਹਨ, ਪਰ ਇਸ ਵਾਰ ਚੋਰਾਂ ਨੇ ਸਿੱਧੇ ਤੌਰ ’ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਥਾਣਾ ਦਾਖਾ ਵਿੱਚ ਪੁਲੀਸ ਨੂੰ ਸ਼ਿਕਾਇਤ ਕਰਨਗੇ ਤਾਂ ਜੋ ਚੋਰਾਂ ਦਾ ਪਤਾ ਲੱਗ ਸਕੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਚੋਰੀ ਦੀਆਂ ਵਾਰਦਾਤਾਂ ਰੋਕਣ ਅਤੇ ਇਨ੍ਹਾਂ ਚੋਰੀਆਂ ਜ਼ਿੰਮੇਵਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
Advertisement
Advertisement
