ਲੁਧਿਆਣਾ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ
ਦੇਰ ਸ਼ਾਮ ਪਏ ਮੀਂਹ ਕਾਰਨ ਤਾਪਮਾਨ ਘਟਿਅਾ; ਮੌਸਮ ਵਿਭਾਗ ਵੱਲੋਂ ਦੋ ਦਿਨ ਮੀਂਹ ਪੈਣ ਦੀ ਕੀਤੀ ਗਈ ਸੀ ਪੇਸ਼ੀਨਗੋਈ
Advertisement
ਸਨਅਤੀ ਸ਼ਹਿਰ ਵਿੱਚ ਅੱਜ ਦੇਰ ਸ਼ਾਮ ਪਏ ਮੀਂਹ ਨੇ ਇਕ ਵਾਰ ਮੌਸਮ ਵਿੱਚ ਬਦਲਾਅ ਲਿਆ ਦਿੱਤਾ। ਸਾਢੇ 7 ਵਜੇ ਦੇ ਕਰੀਬ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਤੇਜ਼ ਹਨੇਰੀ ਤੋਂ ਬਾਅਦ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ, ਜਿਸ ਨੇ ਮੌਸਮ ਨੂੰ ਠੰਢਾ ਕਰ ਦਿੱਤਾ। ਮੀਂਹ ਨੇ ਮੌਸਮ ਵਿੱਚ ਬਦਲਾਅ ਲਿਆਉਣ ਦੇ ਨਾਲ ਨਾਲ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਦਿਵਾਇਆ। ਇਸ ਸਬੰਧੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਅਤੇ ਚਾਰ ਤੇ ਪੰਜ ਨਵੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਤਾਪਮਾਨ ਵਿੱਚ ਗਿਰਾਵਟ ਤੋਂ ਬਾਅਦ ਮੌਸਮ ਠੰਢਾ ਹੋ ਗਿਆ। ਸ਼ਹਿਰ ਵਿੱਚ ਦੀਵਾਲੀ ਤੋਂ ਬਾਅਦ ਹੀ ਅਸਮਾਨ ਵਿੱਚ ਲਗਾਤਾਰ ਧੁਆਂਖੀ ਧੁੰਦ ਕਾਰਨ ਹਰ ਪਾਸੇ ਪ੍ਰਦੂਸ਼ਣ ਦੀ ਚਾਦਰ ਪੱਸਰ ਗਈ ਸੀ। ਧੁਆਂਖੀ ਧੁੰਦ ਕਾਰਨ ਸ਼ਹਿਰ ਵਿੱਚ ਦੇਰ ਸ਼ਾਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਲਵਾਰ ਦੇਰ ਸ਼ਾਮ ਪਏ ਮੀਂਹ ਨੇ ਲੋਕਾਂ ਨੂੰ ਇਸ ਧੁਆਂਖੀ ਧੁੰਦ ਕਾਰਨ ਪੱਸਰੇ ਪ੍ਰਦੂਸ਼ਣ ਤੋਂ ਕਾਫ਼ੀ ਰਾਹਤ ਦਿਵਾਈ ਹੈ। ਸ਼ਾਮ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਮੌਸਮ ਠੰਢਾ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਕ 5 ਨਵੰਬਰ ਨੂੰ ਵੀ ਮੀਂਹ ਪਵੇਗਾ ਤੇ ਤਾਪਮਾਨ ਵਿੱਚ ਗਿਰਾਵਟ ਆਏਗੀ।
Advertisement
Advertisement
