ਨਸ਼ਿਆਂ ਖ਼ਿਲਾਫ਼ ਸੱਚ ਉਜਾਗਰ ਕਰਨ ਲਈ ਸੰਘਰਸ਼ ਦਾ ਬਿਗਲ
ਪੰਜਾਬ ਸਰਕਾਰ ਦੀ ਸਭ ਤੋਂ ਵੱਧ ਪ੍ਰਚਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੇਲ੍ਹ ਕਰਾਰ ਦਿੰਦੇ ਹੋਏ ਨਸ਼ਿਆਂ ਖ਼ਿਲਾਫ਼ ਸੱਚ ਉਜਾਗਰ ਕਰਨ ਲਈ ਸੰਘਰਸ਼ ਦਾ ਬਿਗਲ ਵੱਜ ਗਿਆ ਹੈ। ਨਸ਼ਾ ਤਸਕਰਾਂ ਅਤੇ ਇਨ੍ਹਾਂ ਦੀ ਦਹਿਸ਼ਤ, ਇਨ੍ਹਾਂ ਨੂੰ ਮਿਲਦੀ ਸਰਪ੍ਰਸਤੀ ਅਤੇ ਪੁਲੀਸ, ਤਸਕਰਾਂ ਤੇ ਸਿਆਸਤਦਾਨਾਂ ਦੇ ਨਾਪਾਕ ਗੱਠਜੋੜ ਖ਼ਿਲਾਫ਼ ਇਹ ਸੰਘਰਸ਼ ਵਿੱਢਿਆ ਜਾਵੇਗਾ। ਦੁਨੀਆਂ ਵੈੱਬ ਚੈਨਲ ਦੇ ਪੱਤਰਕਾਰ ਮਨਦੀਪ ਰਸੂਲਪੁਰ ਨੂੰ ਨਸ਼ਾ ਵਿਰੋਧੀ ਰਿਪੋਰਟ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਖ਼ਿਲਾਫ਼ ਉੱਠਿਆ ਰੋਹ ਹੋਣ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਲਈ ਸਿਰਦਰਦੀ ਬਣ ਸਕਦਾ ਹੈ। ਪੁਲੀਸ ਨੇ ਭਾਵੇਂ ਧਮਕੀਆਂ ਦੇਣ ਵਾਲੇ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਹੁਣ ਨਸ਼ਾ ਵਿਰੋਧੀ ਮੁਹਿੰਮ ਇਕ ਵਾਰ ਫੇਰ ਜਗਰਾਉਂ ਇਲਾਕੇ ਵਿੱਚ ਉੱਠਣ ਲੱਗੀ ਹੈ। ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਭਵਨ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਨਸ਼ਿਆਂ ਦੇ ਗੰਭੀਰ ਮੁੱਦੇ ’ਤੇ ਗੰਭੀਰ ਚਰਚਾ ਹੋਈ। ਉਪਰੰਤ ਇਸ ਅਲਾਮਤ ਖ਼ਿਲਾਫ਼ ਜਨਤਕ ਸੰਘਰਸ਼ ਵਿੱਢਣ ਦਾ ਫ਼ੈਸਲਾ ਹੋਇਆ। ਇਸ ਦੀ ਸ਼ੁਰੂਆਤ 28 ਅਕਤੂਬਰ ਨੂੰ ਜਗਰਾਉਂ ਵਿੱਚ ਰੋਸ ਮਾਰਚ ਕਰਕੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦੇਣ ਨਾਲ ਹੋਵੇਗੀ। ਮਨਿੰਦਰਜੀਤ ਸਿੱਧੂ, ਗੁਰਦੀਪ ਸਿੰਘ ਮਲਕ, ਮਨਦੀਪ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਨਤਕ ਜਥੇਬੰਦੀਆਂ ਸ਼ਾਮਲ ਹੋਈਆਂ। ਬੁਲਾਰਿਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੁਲੀਸ ਪ੍ਰਸ਼ਾਸਨ ਆਵਾਜ਼ ਬੁਲੰਦ ਕਰਨ ਵਾਲਿਆਂ ’ਤੇ ਹੀ ਦਬਾਅ ਬਣਾਉਂਦਾ ਹੈ ਅਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਸਵਾਲ ਹੈ ਤਾਂ ਇਹ ਸੱਤਾਧਾਰੀ ਧਿਰ ਦੇ ਵਿਧਾਇਕ ਅਤੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੈਪ੍ਰਤਾਪ ਸਿੰਘ ਦੇ ਬਿਆਨ ਨੇ ਹੀ ਸੱਚ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਦੱਸ ਦਿੱਤਾ ਹੈ ਕਿ ਇਸ ਮੁਹਿੰਮ ਦੇ ਨਾਂ ਹੇਠ ਹੀ ਲੱਖਾਂ ਰੁਪਏ ਇਕੱਠੇ ਕੀਤੇ ਗਏ। ਕੁਝ ਬੁਲਾਰਿਆਂ ਨੇ ਵੱਖ-ਵੱਖ ਪਿੰਡਾਂ ਵਿੱਚ ਨਸ਼ੇ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਵੀ ਪੇਸ਼ ਕੀਤੇ ਅਤੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਬਲਵਿੰਦਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਬੀਕੇਯੂ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਪੇਂਡੂ ਮਜ਼ਦੂਰ ਯੂਨੀਅਨ ਤੋਂ ਅਵਤਾਰ ਸਿੰਘ ਤਾਰੀ ਤੇ ਮਦਨ ਸਿੰਘ, ਵਰਗ ਚੇਤਨਾ ਮੰਚ ਦੇ ਜੋਗਿੰਦਰ ਆਜ਼ਾਦ, ਜਮਹੂਰੀ ਕਿਸਾਨ ਸਭਾ ਤੋਂ ਗੁਰਮੇਲ ਸਿੰਘ ਰੂਮੀ, ਏਟਕ ਤੋਂ ਜਗਦੀਸ਼ ਸਿੰਘ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਤੋਂ ਗੁਰਦਿਆਲ ਭੱਟੀ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸੁਖਪਰੀਤ ਕੌਰ, ਨੌਜਵਾਨ ਭਾਰਤ ਸਭਾ ਤੋਂ ਕਰਮਜੀਤ ਮਾਣੂੰਕੇ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਸੁਖਵਿੰਦਰ ਲੀਲ, ਚਿੰਤਨ ਪ੍ਰਕਾਸ਼ਨ ਤੋਂ ਅਰੁਨ ਕੁਮਾਰ, ਬੀਕੇਯੂ (ਡਕੌਂਦਾ) ਤੋਂ ਤਰਸੇਮ ਸਿੰਘ, ਨਿਰਮਲ ਸਿੰਘ ਰਸੂਲਪੁਰ, ਜਗਦੀਸ਼ ਸਿੰਘ ਕਾਉਂਕੇ, ਰਮਨਜੀਤ ਸੰਧੂ, ਰਣਜੀਤ ਸਿੰਘ ਹਠੂਰ ਆਦਿ ਸ਼ਾਮਲ ਹੋਏ।
