ਸਸਰਾਲੀ ’ਚ ਅਸਥਾਈ ਬੰਨ੍ਹ ਨੂੰ ਕੀਤਾ ਜਾ ਰਿਹੈ ਪੱਕਾ
ਪਿੰਡ ਸਸਰਾਲੀ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਟੁੱਟੇ ਬੰਨ੍ਹ ਤੋਂ ਬਾਅਦ ਉੱਥੇ ਬਣਾਏ ਜਾ ਰਹੇ ਅਸਥਾਈ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਪਿੰਡ ਵਾਸੀਆਂ ਵੱਲੋਂ ਲਗਾਤਾਰ ਜਾਰੀ ਹੈ। ਅੱਜ ਸਸਰਾਲੀ ਵਿੱਚ ਪਹਿਲਾਂ ਨਾਲੋਂ ਵੀ ਪਾਣੀ ਦਾ ਪੱਧਰ ਘਟਿਆ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੰਨ੍ਹ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਂਦੀ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਿੰਡ ਵਾਸੀਆਂ ਆਪਣੇ ਸਾਰੇ ਕੰਮ-ਕਾਜ ਛੱਡ ਕੇ ਬੰਨ੍ਹ ਨੂੰ ਪੱਕਾ ਕਰਨ ਵਿੱਚ ਲੱਗੇ ਹੋਏ ਹਨ। ਇੱਥੇ ਸਸਰਾਲੀ ਕਲੋਨੀ ਦੇ ਨਾਲ-ਨਾਲ ਹੁਣ ਗੜ੍ਹੀ ਫਾਜ਼ਿਲ ਵਿੱਚ ਪਾਣੀ ਵੱਲੋਂ ਪਾਏ ਗਏ ਪਾੜ ਦੇ ਖ਼ਤਰੇ ਨੂੰ ਦੇਖਦੇ ਹੋਏ ਉੱਥੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਬੰਨ੍ਹ ਨੂੰ ਪੱਕਾ ਕੀਤਾ ਜਾ ਰਿਹਾ ਹੈ। ਪਿੰਡ ਸਸਰਾਲੀ ਤੇ ਗੜ੍ਹੀ ਫਾਜ਼ਿਲ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਜ਼ਰ ਰੱਖ ਰਹੇ ਹਨ। ਡੀਸੀ ਹਿਮਾਂਸ਼ੂ ਜੈਨ ਰੋਜ਼ਾਨਾ ਸਬੰਧਤ ਅਫ਼ਸਰਾਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਅਫ਼ਸਰਾਂ ਕੋਲੋਂ ਕੰਮ ਦੀ ਸਾਰੀ ਜਾਣਕਾਰੀ ਲੈ ਰਹੇ ਹਨ। ਬੰਨ੍ਹ ਬਣਾਉਣ ਵਿੱਚ ਲੱਗੇ ਪਿੰਡ ਵਾਸੀ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਅੱਜ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫ਼ੀ ਘਟਿਆ ਹੈ ਪਰ ਪਾਣੀ ਦੀ ਸਪੀਡ ਪਹਿਲਾਂ ਵਾਂਗ ਹੀ ਹੈ ਤੇ ਅੱਗੇ ਜਾ ਰਿਹਾ ਹੈ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਭਾਖੜਾ ਤੋਂ ਫਿਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਉਹ ਚਿੰਤਾ ਵਿੱਚ ਹਨ ਕਿ ਭਲਕੇ ਸ਼ੁੱਕਰਵਾਰ ਸਵੇਰ ਤੱਕ ਪਾਣੀ ਲੁਧਿਆਣਾ ਪਹੁੰਚ ਜਾਏਗਾ ਤੇ ਇਹ ਕੋਈ ਮਾਰ ਨਾ ਮਾਰੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹੁਣ ਮੌਜੂਦਾ ਸਮੇਂ ਵਿੱਚ ਪਿੰਡ ਵਾਸੀ ਹੀ ਆਪਣੀ ਡਿਊਟੀਆਂ ਲਗਾ ਕੇ ਬੰਨ੍ਹ ਨੂੰ ਪੱਕਾ ਕਰ ਰਹੇ ਹਨ। ਸੇਵਾ ਦਾ ਕੰਮ ਲਗਾਤਾਰ ਜਾਰੀ ਹੈ।