ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬਜ਼ਿਆਂ ਦਾ ਗੜ੍ਹ ਬਣੀਆਂ ਲੁਧਿਆਣਾ ਸ਼ਹਿਰ ਦੀਆਂ ਸੜਕਾਂ

ਸੜਕਾਂ ਦੁਆਲੇ ਖੜ੍ਹੀਆਂ ਰੇਹੜੀਆਂ-ਫਡ਼੍ਹੀਆਂ ਕਾਰਨ ਰਾਹਗੀਰ ਪ੍ਰੇਸ਼ਾਨ
ਲੁਧਿਆਣਾ ਦੀ ਸੜਕ ’ਤੇ ਲੱਗੀਆਂ ਨਾਜਾਇਜ਼ ਰੇਹੜੀਆਂ-ਫੜ੍ਹੀਆਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਮਾਰਟ ਸ਼ਹਿਰ ਲੁਧਿਆਣਾ ਅੱਜਕਲ੍ਹ ਨਜਾਇਜ਼ ਕਬਜ਼ਿਆਂ ਦਾ ਗੜ੍ਹ ਬਣਿਆ ਹੋਇਆ ਹੈ। ਸ਼ਹਿਰ ਅਤੇ ਆਸ-ਪਾਸ ਦੀ ਕੋਈ ਵੀ ਗਲੀ, ਸੜ੍ਹਕ ਜਾਂ ਮੁਹੱਲਾ ਅਜਿਹਾ ਨਹੀਂ ਜਿੱਥੇ ਨਾਜਾਇਜ਼ ਰੇਹੜੀਆਂ, ਫੜ੍ਹੀਆਂ ਨਾ ਲੱਗੀਆਂ ਹੋਣ। ਇਹ ਵਰਤਾਰਾ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਧੱਬਾ ਲਗਾਉਂਦਾ ਹੈ ਉੱਥੇ ਨਿਯਮਾਂ ਨੂੰ ਵੀ ਛਿੱਕੇ ਟੰਗ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੀ ਹੈ ਪਰ ਕੁਝ ਸਮੇਂ ਮਗਰੋਂ ਮੁੜ ਉਹੀ ਹਾਲਾਤ ਬਣ ਜਾਂਦੇ ਹਨ।

ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੱਡੀਆਂ ਦੀ ਆਵਾਜ਼ਾਈ ਲਈ ਸੜਕਾਂ ਅਤੇ ਪੈਦਲ ਰਾਹਗੀਰਾਂ ਲਈ ਫੁੱਟਪਾਥ ਬਣਾਏ ਹੋਏ ਹਨ ਪਰ ਅੱਜਕਲ੍ਹ ਇਨ੍ਹਾਂ ਸੜਕਾਂ ਅਤੇ ਫੁੱਟਪਾਥਾਂ ’ਤੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਰੇਹੜੀਆਂ ਅਤੇ ਫੜ੍ਹੀਆਂ ਲਗਾਈਆਂ ਹੋਈਆਂ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਰਕੇ ਥਾਂ-ਥਾਂ ਟਰੈਫਿਕ ਜਾਮ ਹੁੰਦਾ ਹੈ ਅਤੇ ਹੋਰ ਕਈ ਘਟਨਾਵਾਂ ਵਾਪਰਦੀਆਂ ਹਨ। ਕਈ ਸੜਕਾਂ ਦੇ ਕਿਨਾਰਿਆਂ ਤੇ ਬਣੇ ਫੁਟਪਾਥ ਵੀ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੇ ਹੋਏ ਹਨ ਜਿਸ ਕਰਕੇ ਲੋਕਾਂ ਨੂੰ ਪੈਦਲ ਜਾਣ ਲਈ ਵੀ ਸੁਰੱਖਿਅਤ ਥਾਂ ਨਹੀਂ ਮਿਲਦਾ। ਇੱਥੋਂ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਸ਼ਿੰਗਾਰ ਸਿਨੇਮਾ ਰੋਡ, ਰੇਲਵੇ ਸਟੇਸ਼ਨ ਰੋਡ, ਜਗਰਾਉਂ ਪੁਲ, ਵਿਸ਼ਵਕਰਮਾ ਚੌਕ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਸ਼ਿਵਪੁਰੀ ਰੋਡ, ਗਊਸ਼ਾਲਾ ਰੋਡ, ਟ੍ਰਾਂਸਪੋਰਟ ਨਗਰ, ਦਾਲ ਬਾਜ਼ਾਰ, ਡਵੀਜ਼ਨ ਨੰਬਰ ਤਿੰਨ ਆਦਿ ਅਜਿਹੀਆਂ ਥਾਵਾਂ ਹਨ ਜਿੱਥੇ ਰੋਜ਼ਾਨਾਂ ਅਜਿਹੀਆਂ ਰੇਹੜੀਆਂ ਅਤੇ ਫੜੀਆਂ ਲੱਗਦੀਆਂ ਹਨ। ਕਈ ਦੁਕਾਨਦਾਰਾਂ ਵੱਲੋਂ ਅਜਿਹੀਆਂ ਫੜ੍ਹੀਆਂ-ਰੇਹੜੀਆਂ ਵਾਲਿਆਂ ਤੋਂ ਪੈਸੇ ਵਸੂਲੇ ਜਾਂਦੇ ਹਨ। ਕੁੱਝ ਸਾਲ ਪਹਿਲਾਂ ਲੁਧਿਆਣਾ ਵਿੱਚ ਅਜਿਹੀਆਂ ਰੇਹੜੀਆਂ/ਫੜ੍ਹੀਆਂ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਦਾ ਅਸਰ ਵੀ ਦਿਖਿਆ ਸੀ ਸੀ ਪਰ ਕੋਵਿਡ ਤੋਂ ਬਾਅਦ ਹੌਜ਼ਰੀ ਅਤੇ ਹੋਰ ਕੰਮਾਂ ਤੋਂ ਵਿਹਲੇ ਹੋਏ ਲੋਕਾਂ ਨੇ ਵੀ ਫਲਾਂ, ਸਬਜ਼ੀਆਂ ਅਤੇ ਮਨਿਆਰੀ ਦੇ ਸਮਾਨ ਦੀਆਂ ਰੇਹੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਥਾਂ-ਥਾਂ ਰੇਹੜੀਆਂ/ਫੜ੍ਹੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਕੀਤੀ ਕਾਰਵਾਈ ਵੀ ਇਨ੍ਹਾਂ ਨੂੰ ਠੱਲ੍ਹ ਪਾਉਣ ਵਿੱਚ ਅਸਮਰੱਥ ਦਿਖਾਈ ਦੇ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕੋਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਲਈ ਸਬੰਧਤ ਇਲਾਕੇ ਦੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤਹਿ ਕੀਤੀ ਜਾਣੀ ਚਾਹੀਦੀ ਹੈ।

Advertisement

ਲੁਧਿਆਣਾ ਦੀ ਸੜਕ ’ਤੇ ਲੱਗੀਆਂ ਨਾਜਾਇਜ਼ ਰੇਹੜੀਆਂ-ਫੜ੍ਹੀਆਂ। -ਫੋਟੋ: ਹਿਮਾਂਸ਼ੂ ਮਹਾਜਨ
Advertisement
Show comments