ਢੱਕੀ ਸਾਹਿਬ ’ਚ ਅਖੰਡ ਪਾਠ ਸਾਹਿਬ ਦੀ ਲੜੀ ਸੰਪੂਰਨ
ਪੱਤਰ ਪ੍ਰੇਰਕ
ਪਾਇਲ, 6 ਜੁਲਾਈ
ਮੀਰੀ ਪੀਰੀ ਦਿਵਸ ਮੌਕੇ ਸੰਤ ਦਰਸ਼ਨ ਸਿੰਘ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵੱਲੋਂ ਅੱਜ ਸਹਿਯੋਗੀ ਸੰਗਤ ਨਾਲ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਆਰੰਭ ਕੀਤੀ ਇਕੋਤਰੀ (101 ਸ੍ਰੀ ਅਖੰਡ ਪਾਠ) ਦੇ ਭੋਗ ਪਾਏ ਗਏ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚਾਲੀ ਦਿਨ ਮਹਾਂਪੁਰਸ਼ਾਂ ਨੇ ਜੁੜਨ ਵਾਲੀ ਸੰਗਤ ਨੂੰ ਨਾਮ ਜਪਣ ਦੀ ਜੁਗਤ ਸਮਝਾਈ, ਨਾਮ ਜਪਣ ਵਾਲਿਆਂ ਦੀਆਂ ਬਦਲਦੀਆਂ ਅਵਸਥਾਵਾਂ ਤੋਂ ਜਾਣੂ ਕਰਵਾਉਂਦਿਆਂ ਨਾਮ ਜਪਣ ਦੇ ਮਹੱਤਵ ਅਤੇ ਪ੍ਰਾਪਤੀ ਵਰਗੇ ਪੱਖ ਸਮਝਾਏ। ਉਨ੍ਹਾਂ ਕਿਹਾ ਕਿ ਮੈਲੇ ਹੋ ਚੁੱਕੇ ਮਨ ਨੂੰ ਨਾਮ ਰੂਪੀ ਔਸ਼ਧੀ ਰਾਹੀਂ ਪਾਕ ਪਵਿੱਤਰ ਅਤੇ ਸ਼ੁੱਧ ਕਰੀਏ। ਨਾਮ ਦੇ ਅਭਿਆਸੀਆਂ ਤੋਂ ਬਿਨਾਂ ਸਿੱਖ ਹੋਣ ਦਾ ਕੋਈ ਉਦੇਸ਼ ਹੀ ਨਹੀਂ ਰਹਿ ਜਾਂਦਾ। ਪਿਛਲੇ 40 ਦਿਨਾਂ ਤੋਂ ਵੱਡੀ ਗਿਣਤੀ ਸੰਗਤਾਂ ਨਿਰੰਤਰ ਰੂਪ 'ਚ ਜੁੜੀਆਂ ਅਤੇ ਮਹਾਂਪੁਰਸ਼ਾਂ ਦੀ ਪ੍ਰੇਰਣਾ ਨਾਲ ਨਾਮ ਅਭਿਆਸ ਕੀਤਾ। ਸਮਾਪਤੀ ਉਪਰੰਤ ਖੀਰ ਪੂੜਿਆਂ, ਜਲੇਬੀਆਂ ਅਤੇ ਹੋਰ ਵੱਖ ਵੱਖ ਤਰਾਂ ਦੇ ਪਕਵਾਨ ਗੁਰੂ ਕੇ ਲੰਗਰ 'ਚ ਵਰਤਾਏ ਗਏ। ਇਹਨਾਂ ਸਮਾਗਮਾਂ ਵਿੱਚ ਤਪੋਬਣ ਦੇ ਸੇਵਾਦਾਰਾਂ ਤੋਂ ਇਲਾਵਾ ਲਖਵਿੰਦਰ ਸਿੰਘ ਰਾਜੇਵਾਲ, ਬਲਜਿੰਦਰ ਸਿੰਘ ਮਹੇਰਨਾ, ਗੁਰਪ੍ਰੀਤ ਸਿੰਘ ਜਮਾਲਪੁਰ, ਬਲਵਿੰਦਰ ਸਿੰਘ ਭਾਡੇਵਾਲ, ਸਾਧੂ ਸਿੰਘ ਅਜਨੌਦ, ਆਤਮਾ ਸਿੰਘ ਮਕਸੂਦੜਾ, ਤੇਜਪਾਲ ਸਿੰਘ ਸਹੌਲੀ, ਹਰਜੀਤ ਸਿੰਘ ਸਰਾਭਾ, ਬੀਰ ਸਿੰਘ ਰੱਬੋਂ, ਮਲਕੀਤ ਸਿੰਘ ਬੱਲਮਗੜ੍ਹ ਤੇ ਹੋਰਨਾਂ ਨੇ ਸੇਵਾਵਾਂ ਨਿਭਾਈਆਂ।