‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦਾ ਆਗਾਜ਼
ਬਾਲ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ ਐੱਮ ਸੀ ਐੱਚ) ਦੇ ਸਹਿਯੋਗ ਨਾਲ ‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ, ਜੋ ਕਿ ਲੁਧਿਆਣਾ ਨੂੰ ਹਾਈਪਰਟੈਨਸ਼ਨ ਮੁਕਤ ਜ਼ਿਲ੍ਹਾ ਬਣਾਉਣ ਦੇ ਉਦੇਸ਼ ਨਾਲ ਇੱਕ ਪ੍ਰਮੁੱਖ ਸਿਹਤ ਪਹਿਲ ਹੈ।
ਇਸ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ 80 ਸਰਕਾਰੀ ਤੇ ਨਿੱਜੀ ਸਕੂਲਾਂ ਦੇ 50,000 ਵਿਦਿਆਰਥੀਆਂ ਅਤੇ ਇੱਕ ਹਜ਼ਾਰ ਅਧਿਆਪਕਾਂ ਨੂੰ ਜੀਵਨ ਰੱਖਿਅਕ ਕਾਰਡੀਓ ਪਲਮੇਨਰੀ ਰੀਸਸੀਟੇਸ਼ਨ (ਸੀ ਪੀ ਆਰ) ਅਤੇ ਬਲੱਡ ਪ੍ਰੈਸ਼ਰ (ਬੀ ਪੀ) ਬਾਰੇ ਸਿਖਲਾਈ ਦਿੱਤੀ ਗਈ। ਅਧਿਆਪਕਾਂ ਨੂੰ ਸਿਹਤ ਸਲਾਹਕਾਰ ਅਤੇ ਵਿਦਿਆਰਥੀਆਂ ਨੂੰ ਸਿਹਤ ਨੈੱਟਵਰਕ ਬਣਾਉਣ ਵਾਲੇ ਸਿਹਤ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਪੜਾਅ ਵਿੱਚ ਹਾਈਪਰਟੈਨਸ਼ਨ ਲਈ ਲਗਪਗ 5 ਲੱਖ ਨਿਵਾਸੀਆਂ ਦੀ ਜਾਂਚ ਕੀਤੀ ਗਈ।
ਦੂਜੇ ਪੜਾਅ ਦੇ ਤਹਿਤ ਲੁਧਿਆਣਾ ਦੇ ਪੰਜ ਲੱਖ ਨਾਗਰਿਕਾਂ ਨੂੰ ਸੀ ਪੀ ਆਰ ਅਤੇ ਬੀ ਪੀ ਮਾਪ ਵਿੱਚ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਖਿਡਾਰੀਆਂ, ਜਿੰਮ ਜਾਣ ਵਾਲਿਆਂ, ਕਮਿਊਨਿਟੀ ਸਮੂਹਾਂ ਅਤੇ ਹੋਰ ਖੇਤਰਾਂ ਤੱਕ ਵਿਆਪਕ ਸਿਹਤ ਤਿਆਰੀ ਬਣਾਉਣ ਲਈ ਪਹੁੰਚ ਦਾ ਵਿਸਥਾਰ ਕੀਤਾ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਮਿਸ਼ਨ ਸਵਸਥ ਕਵਚ ਇੱਕ ਪ੍ਰੋਗਰਾਮ ਤੋਂ ਵੱਧ ਹੈ। ਇਹ ਇੱਕ ਸਿਹਤਮੰਦ, ਮਜ਼ਬੂਤ ਅਤੇ ਹਾਈਪਰਟੈਨਸ਼ਨ ਮੁਕਤ ਲੁਧਿਆਣਾ ਲਈ ਇੱਕ ਭਾਈਚਾਰਾ ਸੰਚਾਲਿਤ ਲਹਿਰ ਹੈ। ਉਨ੍ਹਾਂ ਪਹਿਲੇ ਪੜਾਅ ਨੂੰ ਸਫਲ ਬਣਾਉਣ ਦਾ ਸਿਹਰਾ ਡਾ. ਬਿਸ਼ਵ ਮੋਹਨ ਸਿਰ ਬੰਨ੍ਹਿਆ।
ਡਾ. ਬਿਸ਼ਵ ਮੋਹਨ ਨੇ ਵੱਡੇ ਪੱਧਰ ’ਤੇ ਸਕ੍ਰੀਨਿੰਗ, ਸ਼ੁਰੂਆਤੀ ਖੋਜ, ਲੰਬੇ ਸਮੇਂ ਦੇ ਹਾਈਪਰਟੈਨਸ਼ਨ ਪ੍ਰਬੰਧਨ, ਦਿਲ ਦੀ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ’ਤੇ ਪਹਿਲਕਦਮੀ ਦੇ ਫੋਕਸ ਨੂੰ ਵੀ ਉਜਾਗਰ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਪੀ ਏ ਯੂ ਦੇ ਉਪ ਕੁਲਪਤੀ ਡਾ. ਐੱਸ ਐੱਸ ਗੋਸਲ, ਰਜਿਸਟਰਾਰ ਰਿਸ਼ੀਪਾਲ ਸਿੰਘ ਅਤੇ ਐੱਸ ਪੀ ਓਸਵਾਲ, ਰਜਨੀ ਬੈਕਟਰ, ਬਿਪਿਨ ਗੁਪਤਾ, ਡਾ. ਗੁਰਪ੍ਰੀਤ ਸਿੰਘ ਵਾਂਦਰ, ਡਾ. ਰਵਿੰਦਰ ਵਰਮਾ, ਕੈਪਟਨ ਵੀ ਕੇ ਸਿਆਲ, ਅਸ਼ਵਨੀ ਕੁਮਾਰ, ਮਨਜੀਤ ਸਿੰਘ, ਸਚਿਨ ਚੰਦਸੁਰੇ, ਮੁਕੇਸ਼ ਕੁਮਾਰ, ਡਾ. ਪਰਮਜੀਤ ਕੌਰ ਅਤੇ ਡਾ. ਚਰਨਜੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਡੀ ਐੱਮ ਸੀ ਐੱਚ ਦੇ ਡਾਕਟਰਾਂ ਨੇ ਸੀ ਪੀ ਆਰ ਅਤੇ ਬੀ ਪੀ ਮਾਪਣ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ, ਜਦੋਂਕਿ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤੇ।
