ਬੁਝਾਰਤ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਸਵਾ ਤਿੰਨ ਮਹੀਨੇ ਤੋਂ ਭਾਲ ਜਾਰੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੂਨ
ਇਹ ਸਿਰੇ ਦੀ ਅਣਗਹਿਲੀ ਦਾ ਮਾਮਲਾ ਹੈ ਕਿ ਸਵਾ ਤਿੰਨ ਮਹੀਨੇ ਪਹਿਲਾਂ ਐਲਾਨੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਦਾ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ। ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਵੀ ਇਹ ਪ੍ਰਤੱਖ ਮਿਸਾਲ ਹੈ ਕਿ ਸਰਕਾਰ ਵੀ ਚੇਅਰਮੈਨ ਐਲਾਨ ਕੇ ਨੋਟੀਫਿਕੇਸ਼ਨ ਜਾਰੀ ਕਰਨਾ ਭੁੱਲ ਗਈ ਹੈ। ਪੰਜਾਬ ਸਰਕਾਰ ਨੇ 24 ਫਰਵਰੀ ਨੂੰ 88 ਮਾਰਕੀਟ ਕਮੇਟੀ ਦੇ ਚੇਅਰਮੈਨ ਐਲਾਨੇ ਸਨ ਜਿਨ੍ਹਾਂ ਵਿੱਚੋਂ ਹਾਲੇ ਤੱਕ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਹੀਂ ਲੱਭਿਆ। ਸਵਾ ਤਿੰਨ ਮਹੀਨਿਆਂ ਤੋਂ ਸਿਰਫ਼ ਚੇਅਰਮੈਨ ਹੀ ਗੁੰਮਸ਼ੁਦਾ ਨਹੀਂ ਸਗੋਂ ਨੋਟੀਫਿਕੇਸ਼ਨ ਵੀ ਲਾਪਤਾ ਹੈ।
ਭਗਵੰਤ ਮਾਨ ਸਰਕਾਰ ਨੇ ਜਿਹੜੀ 88 ਚੇਅਰਮੈਨਾਂ ਦੀ ਇਹ ਸੂਚੀ ਜਾਰੀ ਕੀਤੀ ਸੀ ਉਸ ਵਿੱਚ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਨਾਂ ਬਲਦੇਵ ਸਿੰਘ ਦਰਜ ਸੀ। ਪਰ ਅੱਜ ਤਕ ਕਿਸੇ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਬਲਦੇਵ ਸਿੰਘ ਆਖਰ ਹੈ ਕੌਣ? ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਇਸ ਨੂੰ ਨਖਿੱਧ ਕਾਰਗੁਜ਼ਾਰੀ ਦੀ ਸਭ ਤੋਂ ਵੱਡੀ ਮਿਸਾਲ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਨਿਯੁਕਤੀ ਸਮੇਂ ਬਾਕਾਇਦਾ ਫਾਈਲ ਬਣਦੀ ਹੈ ਤੇ ਪੜਤਾਲ ਹੁੰਦੀ ਹੈ। ਪਰ ਕਿੰਨੀ ਹੈਰਾਨੀ ਤੇ ਹਾਸੋਹੀਣੀ ਗੱਲ ਹੈ ਕਿ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਦਾ ਕੋਈ ਥਹੁ ਪਤਾ ਹੀ ਨਹੀਂ। ਵਧੀਕ ਡਿਪਟੀ ਕਮਿਸ਼ਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਤੇ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ ਕਲੇਰ ਨੇ ਕਿਹਾ ਕਿ ਉਨ੍ਹਾਂ ਕਈ ਸਰਕਾਰਾਂ ਸਮੇਂ ਕੰਮ ਕੀਤਾ ਪਰ ਅਜਿਹੀ ਸਿਰੇ ਦੀ ਲਾਪ੍ਰਵਾਹੀ ਕਦੇ ਨਹੀਂ ਦੇਖੀ। ਜਗਰਾਉਂ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਤਾਂ ਹੁਣ ਮਜ਼ਾਕ ਕਰਕੇ ਵੀ ਥੱਕ ਗਏ ਲੱਗਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਬਲਦੇਵ ਸਿੰਘ ਚੇਅਰਮੈਨ ਲਾਇਆ ਗਿਆ ਉਹ ਆਪੇ ਸਾਹਮਣੇ ਆਉਣ ਦੀ ਮਿਹਰਬਾਨੀ ਕਰੇ। ਲੋਕ ਅਹੁਦਿਆਂ ਪਿੱਛੇ ਮਰਦੇ ਫਿਰਦੇ ਹਨ ਤੇ ਇਕ ਇਹ ਏਸ਼ੀਆ ਦੀ ਦੂਜੀ ਵੱਡੀ ਮੰਡੀ ਨਾਲ ਸਬੰਧਤ ਮਾਰਕੀਟ ਕਮੇਟੀ ਹੈ ਜਿਸ ਦਾ ਲਾਇਆ ਗਿਆ ਚੇਅਰਮੈਨ ਸਾਹਮਣੇ ਹੀ ਨਹੀਂ ਆ ਰਿਹਾ। ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਨ ਸਬੰਧੀ ਹਾਲੇ ਤਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅਪਰੈਲ ਮਹੀਨੇ ਇਕ ਸਵਾਲ ਦੇ ਜਵਾਬ ਵਿੱਚ ਦੋ ਦਿਨਾਂ ਵਿੱਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੇ ਚੇਅਰਮੈਨ ਬਾਰੇ ਸਭ ਨੂੰ ਪਤਾ ਲੱਗ ਜਾਣ ਦੀ ਗੱਲ ਕਹੀ ਸੀ, ਪਰ ਇਹ ਹਾਲੇ ਵੀ ਗੁੱਝਾ ਭੇਦ ਹੀ ਬਣਿਆ ਹੋਇਆ ਹੈ।