ਕੂੜਾ ਡੰਪ ਦਾ ਪੱਕਾ ਹੱਲ ਕਰਵਾਉਣ ਮਗਰੋਂ ਧਰਨਾ ਚੁੱਕਿਆ
ਇੱਥੇ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਪੱਕੇ ਬਣਾ ਦਿੱਤੇ ਗਏ ਡੰਪ ਨੂੰ ਚੁਕਾਉਣ ਲਈ ਚੱਲ ਰਿਹਾ ਧਰਨਾ ਅੱਜ ‘ਪੱਕਾ ਹੱਲ’ ਹੋਣ ਮਗਰੋਂ 23ਵੇਂ ਦਿਨ ਚੁੱਕ ਲਿਆ ਗਿਆ। ਅਗਵਾੜ ਖੁਆਜਾ ਬਾਜੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਧਰਨੇ ਵਿੱਚ ਅੱਜ ਜਥੇਬੰਦੀਆਂ ਦੇ ਆਗੂ ਅਤੇ ਨਗਰ ਕੌਂਸਲ ਦੇ ਅਧਿਕਾਰੀ ਪਹੁੰਚੇ ਹੋਏ ਸਨ। ਆਪਸੀ ਸਹਿਮਤੀ ਮਗਰੋਂ ਧਰਨਾ ਚੁੱਕਣ ਦਾ ਐਲਾਨ ਹੋਇਆ। ਸਰਪੰਚ ਬਲਜਿੰਦਰ ਸਿੰਘ, ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਤੇ ਕੰਵਲਜੀਤ ਖੰਨਾ ਨੇ ਇਸ ਸਮੇਂ ਦੱਸਿਆ ਕਿ ਬੀਤੀ 27 ਅਕਤੂਬਰ ਤੋਂ ਡਿਸਪੋਜ਼ਲ ਰੋਡ ’ਤੇ ਕੂੜੇ ਦੇ ਪਹਾੜ ਨੂੰ ਚੁਕਵਾਉਣ ਲਈ ਇਹ ਦਿਨ ਰਾਤ ਦਾ ਧਰਨਾ ਚੱਲ ਰਿਹਾ ਸੀ। ਧਰਨੇ ਦੇ ਦਬਾਅ ਵਜੋਂ ਇਸ ਡੰਪ ਦੇ ਆਲੇ-ਦੁਆਲੇ ਚਾਰਦੀਵਾਰੀ ਕਰਨ ਦਾ ਅੱਜ ਫ਼ੈਸਲਾ ਹੋਇਆ ਹੈ। ਇਸ ਤੋਂ ਪਹਿਲਾਂ ਕੂੜੇ ਦੇ ‘ਪਹਾੜ’ ਨੂੰ ਚੁਕਵਾਉਣ ਲਈ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਨਗਰ ਕੌਂਸਲ ਵਲੋਂ ਨਿੱਜੀ ਠੇਕੇਦਾਰ ਰਾਹੀਂ ਕੂੜਾ ਚੁਕਵਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਇਸ ਦੇ ਪੱਕੇ ਹੱਲ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਰਿਹਾ। ਇਸ ਦੌਰਾਨ ਨਗਰ ਸੁਧਾਰ ਸਭਾ ਦੇ ਸਹਿਯੋਗ ਨਾਲ ਸ਼ਹਿਰ ਭਰ ਵਿੱਚ ਮੁਜ਼ਾਹਰਾ ਕਰਕੇ ਨਗਰ ਕੌਂਸਲ ਦਾ ਘਿਰਾਓ ਵੀ ਕੀਤਾ ਗਿਆ। ਮਸਲਾ ਲਟਕਦਾ ਗਿਆ ਤੇ ਸਿੱਟੇ ਵਜੋਂ ਪੁਰਾਣੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਇਸ ਡੰਪ ’ਤੇ ਸੁੱਟਣ ਦੀ ਧਰਨਾਕਾਰੀਆਂ ਨੇ ਮਨਾਹੀ ਕਰ ਦਿੱਤੀ। ਧਰਨਾਕਾਰੀਆਂ ਦੇ ਵਧਦੇ ਦਬਾਅ ਦੇ ਚੱਲਦਿਆਂ ਅੱਜ ਨਗਰ ਕੌਂਸਲ ਅਧਿਕਾਰੀਆਂ ਅਸ਼ੋਕ ਕੁਮਾਰ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਮੌਕੇ ’ਤੇ ਪੰਹੁਚੇ। ਉਨ੍ਹਾਂ ਭਰੋਸਾ ਦਿੱਤਾ ਕਿ ਹਫ਼ਤੇ ਅੰਦਰ ਇਸ ਥਾਂ ’ਤੇ ਇਕ ਪੱਕੀ ਚਾਰਦੀਵਾਰੀ ਕਰਕੇ ਹਰ ਰੋਜ਼ ਦਾ ਕੂੜਾ ਉਸ ਉੱਚੀ ਚਾਰਦੀਵਾਰੀ ਦੇ ਅੰਦਰ ਹੀ ਇਕੱਠਾ ਕੀਤਾ ਜਾਵੇਗਾ। ਸੜਕ ਵਾਲੇ ਪਾਸੇ ਕੰਧ ਦੇ ਉੱਪਰ ਟੀਨ ਦੀਆਂ ਚਾਦਰਾਂ ਲਗਾਈਆਂ ਜਾਣਗੀਆਂ। ਨਗਰ ਕੌਂਸਲ ਹਰ ਰੋਜ਼ ਉਸ ਕੂੜੇ ਨੂੰ ਇਸ ਡੰਪ ਤੋਂ ਚੁੱਕਣ ਲਈ ਪਾਬੰਦ ਹੋਵੇਗੀ। ਇਸ ਚਾਰਦੀਵਾਰੀ ਦੇ ਸੱਜੇ ਪਾਸੇ ਪੱਕਾ ਗੇਟ ਲਗਾਇਆ ਜਾਵੇਗਾ ਤਾਂ ਕਿ ਆਵਾਰਾ ਪਸ਼ੂਆਂ ਨੂੰ ਗੰਦਗੀ ਖਿਲਾਰਨ ਤੋਂ ਰੋਕਿਆ ਜਾ ਸਕੇ। ਇਸ ਫ਼ੈਸਲੇ ਸਮੇਂ ਨਗਰ ਕੌਂਸਲ ਵਲੋਂ ਐੱਮ ਈ ਅਸ਼ੋਕ ਕੁਮਾਰ ਤੋਂ ਇਲਾਵਾ ਨਿਰਮਲਜੀਤ ਕੌਰ, ਸੈਨੇਟਰੀ ਇੰਸਪੈਕਟਰ ਹਰੀਸ਼ ਕੁਮਾਰ, ਏ ਡੀ ਸੀ ਵਿਕਾਸ ਦੇ ਪੀ ਏ ਰਾਮ ਸਿੰਘ, ਹੀਰਾ ਸਿੰਘ, ਜਗਮੋਹਨ ਸਿੰਘ ਹਾਜ਼ਰ ਸਨ। ਦੂਜੇ ਪਾਸੇ ਧਰਨਾਕਾਰੀਆਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ, ਭਾਜਪਾ ਆਗੂ ਟੋਨੀ ਵਰਮਾ, ਸਾਬਕਾ ਕੌਂਸਲਰ ਰਵਿੰਦਰ ਸਭਰਵਾਲ, ਸਤੀਸ਼ ਪੱਪੂ, ਜਿੰਦਰਪਾਲ ਧੀਮਾਨ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।
