ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਗ਼ਜ਼ਲ ਦਾ ਸੁਭਾਅ ਉਰਦੂ ਗ਼ਜ਼ਲ ਤੋਂ ਵੱਖਰਾ ਕਰਾਰ

ਜੀ ਜੀ ਐੱਨ ਖਾਲਸਾ ਕਾਲਜ ’ਚ ਗ਼ਜ਼ਲ ਦਰਬਾਰ ਕਰਵਾਇਆ
Advertisement

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਆਨਲਾਈਨ ਕੌਮਾਂਤਰੀ ਗ਼ਜ਼ਲ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਪੀ ਸਿੰਘ ਨੇ ਗ਼ਜ਼ਲਗੋਆਂ ਨੂੰ ਜੀ ਆਇਆਂ ਕਿਹਾ ਅਤੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿੱਚ ਗਏ ਇਹ ਲੇਖਕ ਆਪਣੀ ਮਾਤ ਭਾਸ਼ਾ ਅਤੇ ਸਾਹਿਤ ਸਿਰਜਣਾ ਦੇ ਅਮਲ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਵੀ ਨਿਰੰਤਰ ਜੀਵੰਤ ਰੱਖਣ ਵਿੱਚ ਕਾਮਯਾਬ ਹੋਏ ਹਨ। ਗ਼ਜ਼ਲ ਦੀ ਬਣਤਰ ਵਿਕਾਸ ਅਤੇ ਪੰਜਾਬੀ ਗ਼ਜ਼ਲ ਬਾਰੇ ਪ੍ਰੋ. ਸੁਰਜੀਤ ਜੱਜ ਵੱਲੋਂ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਮ ਧਾਰਨਾ ਇਹ ਹੈ ਕਿ ਪੰਜਾਬੀ ਗ਼ਜ਼ਲ ਉਰਦੂ ਤੋਂ ਰੂਪ ਧਾਰਨ ਕਰਦੀ ਹੈ ਪਰ ਉਰਦੂ ਸ਼ਾਇਰੀ ਵਿੱਚ ਅਤੇ ਪੰਜਾਬੀ ਸਾਹਿਤ ਵਿੱਚ ਗ਼ਜ਼ਲ ਵਿਧਾ ਲਗਪਗ ਇੱਕੋ ਸਮੇਂ ਹੀ ਪ੍ਰਵੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਗ਼ਜ਼ਲ ਦਾ ਸੁਭਾਅ ਉਰਦੂ ਗ਼ਜ਼ਲ ਦੇ ਸੁਭਾਅ ਤੋਂ ਬਿਲਕੁਲ ਵੱਖਰਾ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਗ਼ਜ਼ਲਗੋਆਂ ਦੀ ਦੇਣ ਬਾਰੇ ਵੀ ਚਰਚਾ ਕੀਤੀ। ਇਸ ਉਪਰੰਤ ਪ੍ਰੋ. ਸ਼ਰਨਜੀਤ ਕੌਰ ਨੇ ਗ਼ਜ਼ਲ ਦਰਬਾਰ ਦਾ ਆਰੰਭ ਕੀਤਾ। ਇਸ ਵਿੱਚ ਅਮਰੀਕਾ ਤੋਂ ਹਰਜਿੰਦਰ ਕੰਗ, ਸੁਰਿੰਦਰ ਸੀਰਤ, ਸੁਰਜੀਤ ਸਖੀ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਦਿਲ ਨਿੱਝਰ ਅਤੇ ਕੈਨੇਡਾ ਤੋਂ ਮੋਹਨ ਗਿੱਲ, ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ ਅਤੇ ਇਟਲੀ ਤੋਂ ਦਲਜਿੰਦਰ ਰਹਿਲ, ਆਸਟਰੇਲੀਆ (ਸਿਡਨੀ) ਤੋਂ ਡਾ. ਅਮਰਜੀਤ ਸਿੰਘ ਟਾਂਡਾ ਨੇ ਆਪਣੀਆਂ ਖ਼ੂਬਸੂਰਤ ਤੇ ਭਾਵਪੂਰਤ ਗ਼ਜ਼ਲਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।

ਪ੍ਰੋ. ਗਿੱਲ ਨੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਅੱਜ ਦੇ ਇਸ ਗ਼ਜ਼ਲ ਦਰਬਾਰ ਨੂੰ ਸੁਣ ਕੇ ਇੱਕ ਸੁੱਚਤਾ ਅਤੇ ਤਾਜ਼ਗੀ ਦਾ ਅਹਿਸਾਸ ਹੋਇਆ ਹੈ। ਗਜ਼ਲ ਦਰਬਾਰ ਦੇ ਅਖ਼ੀਰ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜਿੰਦਰ ਕੌਰ ਮਲਹੋਤਰਾ ਨੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਸੰਚਾਲਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਕੀਤਾ। ਇਸ ਗਜ਼ਲ ਦਰਬਾਰ ਵਿੱਚ ਕੈਨੇਡਾ ਤੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਕਹਾਣੀਕਾਰ ਜਸਬੀਰ ਮਾਨ, ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਅਤੇ ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

Advertisement

Advertisement
Show comments