ਨਗਰ ਸੁਧਾਰ ਸਭਾ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਸੌਂਪਿਆ
ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਅਤੇ ਲਮਕ ਰਹੀਆਂ ਮੰਗਾਂ ਲਈ ਸੰਘਰਸ਼ ਵਿੱਢਣ ਦਾ ਐਲਾਨ ਕਰਨ ਵਾਲੀ ਨਗਰ ਸੁਧਾਰ ਸਭਾ ਨੇ ਪਹਿਲੇ ਪੜਾਅ ਵਿੱਚ ਅੱਜ ਮੰਗ ਪੱਤਰ ਸੌਂਪਿਆ। ਨਗਰ ਕੌਂਸਲ ਦੇ ਨਵੇਂ ਆਏ ਕਾਰਜ ਸਾਧਕ ਅਫ਼ਸਰ ਨੂੰ ਇਸ ਮੰਗ ਪੱਤਰ ਰਾਹੀਂ ਬਿਨਾਂ ਦੇਰੀ ਸ਼ਹਿਰ ਦੀ ਬਦਤਰ ਹਾਲਤ ਸੁਧਾਰਨ ’ਤੇ ਜ਼ੋਰ ਦਿੱਤਾ ਗਿਆ। ਸਭਾ ਦੇ ਆਗੂਆਂ ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਚੁਫੇਰੇ ਕੂੜੇ ਦੇ ਵੱਡੇ ਢੇਰ ਨਜ਼ਰ ਆਉਣ ਲੱਗੇ ਹਨ। ਪੁਰਾਣੀ ਦਾਣਾ ਮੰਡੀ ਸਣੇ ਚੁਫੇਰੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਅਤੇ ਸੜਕਾਂ ਦੇ ਦੋਵੇਂ ਪਾਸੇ ਵੀ ਦੁਕਾਨਦਾਰ ਬਿਨਾਂ ਕਿਸੇ ਡਰ ਦੇ ਕਬਜ਼ੇ ਕਰੀ ਬੈਠੇ ਹਨ। ਬੜੀ ਮੁਸ਼ਕਿਲ ਨਾਲ ਬਣੀ ਰਾਏਕੋਟ ਰੋਡ ਮੁੜ ਪੁੱਟ ਦਿੱਤੀ ਗਈ। ਮੀਟਿੰਗ ਦੌਰਾਨ ਸੜਕ ਦੀ ਮੁਰੰਮਤ ਜੰਗੀ ਪੱਧਰ ’ਤੇ ਕਰਾਉਣ ਦਾ ਭਰੋਸਾ ਦਿੱਤਾ ਗਿਆ। ਕੱਚਾ ਮਲਕ ਬੋਰਡ ਦੀ ਮੁੜਉਸਾਰੀ ਦੀ ਮੰਗ ’ਤੇ ਸਬੰਧਤ ਮੰਡੀਕਰਨ ਬੋਰਡ ਦੇ ਜੇਈ ਪਰਮਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਹਫ਼ਤੇ ਅੰਦਰ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਜੋ ਕਿ ਡੇਢ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ।