ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੋਨੇ ਦੀ ਤੁਲਾਈ ’ਚ ਠੱਗੀ ਮਾਰਨ ਵਾਲੇ ਆੜ੍ਹਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਗਿੱਲ

ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਫ਼ਸਲ ਦੇ ਤੁਲਾਈ ਪ੍ਰਬੰਧਾਂ ਦਾ ਜਾਇਜ਼ਾ
ਮੰਡੀ ਵਿਚ ਵਿਕਣ ਆਈ ਫਸਲ ਸੁਕਾਉਂਦੇ ਹੋਏ ਮਜ਼ਦੂਰ।
Advertisement

ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ ਅਤੇ ਕਿਸਾਨਾਂ ਦੀ ਸੁੱਕੀ ਫਸਲ ਤੁਰੰਤ ਵਿਕਦੀ ਹੈ ਜਿਸ ਦੀ ਤੁਲਾਈ ਤੇ ਲਿਫਟਿੰਗ ਵੀ ਜਾਰੀ ਹੈ। ਚੇਅਰਮੈਨ ਗਿੱਲ ਨੇ ਕਿਹਾ ਕਿ ਬੀਤੇ ਦਿਨ ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਫਸਲ ਤੁਲਾਈ ਲਈ ਕੰਡਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਵੱਧ ਭਰਾਈ ਕਰਨ ਵਾਲਿਆਂ ਨੂੰ ਜ਼ੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ ਸੀ ਪਰ ਹੁਣ ਜੇਕਰ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਇਸ ਵਿਚ ਕੁਤਾਹੀ ਕਰਨ ਵਾਲੇ ਕਿਸੇ ਵੀ ਆੜ੍ਹਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲ ਤੁਲਾਈ ਵਿਚ ਹੇਰਾਫ਼ੇਰੀ ਕਰਨ ਵਾਲੇ ਆੜ੍ਹਤੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਗਿੱਲ ਨੇ ਸ਼ੈਲਰ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਪਿਛਲੇ ਸਾਲ ਕੁਝ ਸ਼ੈਲਰ ਮਾਲਕਾਂ ਨੇ ਕਿਸਾਨਾਂ ਤੋਂ ਕੱਟ ਲਗਾ ਕੇ ਝੋਨਾ ਖਰੀਦਿਆ ਪਰ ਇਸ ਵਾਰ ਇਹ ਪਿਰਤ ਨਾ ਦੁਹਰਾਉਣ ਅਤੇ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਨਿਯਮਾਂ ਅਨੁਸਾਰ ਉਸ ਖਿਲਾਫ਼ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਚੇਅਰਮੈਨ ਗਿੱਲ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਆੜ੍ਹਤੀ ਤੇ ਸ਼ੈਲਰ ਮਾਲਕਾਂ ਦਾ ਪੱਖ ਨਾ ਲੈਣ ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ ਅਤੇ ਜੇਕਰ ਕੋਈ ਵੱਧ ਨਮੀ ਵਾਲਾ ਝੋਨਾ ਲੈ ਕੇ ਆਉਂਦਾ ਹੈ ਤਾਂ ਮਾਰਕੀਟ ਕਮੇਟੀ ਵਲੋਂ ਉਸਦੀ ਟਰਾਲੀ ਵਾਪਸ ਮੋੜੀ ਜਾਵੇਗੀ। ਚੇਅਰਮੈਨ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਨਮੀ ਵਾਲਾ ਝੋਨਾ ਵੇਚਣ ਵਿਚ ਮੁਸ਼ਕਿਲ ਵੀ ਆਉਂਦੀ ਹੈ ਇਸ ਲਈ ਉਹ 17 ਫੀਸਦੀ ਨਮੀ ਵਾਲਾ ਝੋਨਾ ਹੀ ਲਿਆਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਅਨਾਜ ਮੰਡੀ ਵਿਚ ਆਪਣਾ ਸੁੱਕਾ ਝੋਨਾ ਵੇਚਣ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਕੋਈ ਉਸ ਤੋਂ ਕੱਟ ਜਾਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਮਲਾ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਉਣ। ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

ਉਪ ਖਰੀਦ ਕੇਂਦਰਾਂ ’ਚ 1.62 ਲੱਖ ਕੁਇੰਟਲ ਫ਼ਸਲ ਦੀ ਖਰੀਦ ਹੋਈ

ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਅਨੁਸਾਰ ਮਾਛੀਵਾੜਾ ਮੰਡੀ ਅਤੇ ਇਸ ਦੇ ਉਪ ਖਰੀਦ ਕੇਂਦਰ ਸ਼ੇਰਪੁਰ ਬੇਟ, ਲੱਖੋਵਾਲ ਕਲਾਂ, ਹੇਡੋਂ ਬੇਟ, ਬੁਰਜ ਪਵਾਤ ਵਿਚ ਹੁਣ ਤੱਕ 1 ਲੱਖ 62 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 1 ਲੱਖ 22 ਹਜ਼ਾਰ ਕੁਇੰਟਲ ਝੋਨੇ ਦੀ ਫਸਲ ਲਿਫਟਿੰਗ ਹੋ ਚੁੱਕੀ ਹੈ। ਸਕੱਤਰ ਨੇ ਦੱਸਿਆ ਕਿ ਮੰਡੀਆਂ ਵਿਚ ਬਾਰਦਾਨੇ ਦੇ ਪੁਖਤਾ ਪ੍ਰਬੰਧ ਹਨ ਅਤੇ ਫਸਲ ਤੁਲਾਈ ਲਈ ਲੱਗੇ ਕੰਡਿਆਂ ਦੀ ਅਚਨਚੇਤ ਜਾਂਚ ਜਾਰੀ ਹੈ।

ਤੜਕੇ ਪਏ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ

ਮੌਸਮ ਵਿਭਾਗ ਵਲੋਂ ਤਿੰਨ ਦਿਨ ਪੰਜਾਬ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਮਾਛੀਵਾੜਾ ਇਲਾਕੇ ਵਿਚ ਤੜਕੇ 5 ਤੋਂ 7 ਵਜੇ ਤੱਕ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ। ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਰਹੇ ਅਤੇ ਮੰਡੀ ਵਿਚ ਵਿਕਣ ਆਈ ਫਸਲ ਨੂੰ ਕਿਸਾਨਾਂ ਨੇ ਤਰਪਾਲਾਂ ਨਾਲ ਢਕ ਕੇ ਬਚਾਇਆ। ਦਿਨ ਚੜ੍ਹਦਿਆਂ ਜਦੋਂ ਮੌਸਮ ਸਾਫ਼ ਹੋਇਆ ਤਾਂ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਅਤੇ ਮੀਂਹ ਕਾਰਨ ਫਸਲ ਵਿਚ ਜੋ ਥੋੜੀ ਬਹੁਤ ਨਮੀ ਦੀ ਮਾਤਰਾ ਵਧ ਗਈ ਸੀ ਉਸ ਨੂੰ ਸੁਕਾਉਣ ਲਈ ਮਜ਼ਦੂਰ ਕੰਮ ਕਰਦੇ ਦਿਖਾਈ ਦਿੱਤੇ। ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਨੂੰ ਤਿੰਨ ਦਿਨ ਮੀਂਹ ਪੈਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ ਕਿ ਉਹ ਮੰਡੀ ਵਿਚ ਵਿਕਣ ਆਈ ਫਸਲ ਨੂੰ ਬਚਾਉਣ ਲਈ ਤਰਪਾਲਾਂ ਦੇ ਪੁਖਤਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਕਿਸਾਨਾਂ ਦੀ ਫਸਲ ਖ਼ਰਾਬ ਨਾ ਹੋਵੇ।

Advertisement
Show comments