ਸਨਅਤੀ ਸ਼ਹਿਰ ’ਚ ਪਾਰਾ ਡਿੱਗਿਆ, ਠੰਢ ਵਧੀ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪਾਰਾ ਡਿੱਗਦਾ ਜਾ ਰਿਹਾ ਹੈ। ਅੱਜ ਘੱਟ ਤੋਂ ਘੱਟ ਤਾਪਮਾਨ 8.8. ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਦੀਆਂ ਦੂਰ-ਦੁਰਾਡੇ ਦੀਆਂ ਸੜਕਾਂ ’ਤੇ ਧੁਆਂਖੀ ਧੁੰਦ ਨੇ ਰਾਹਗੀਰਾਂ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਮੁਸ਼ਕਲ ਖੜ੍ਹੀਆਂ ਕਰ ਦਿੱਤੀਆਂ ਹਨ। ਬਾਜ਼ਾਰਾਂ ਵਿੱਚ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਵਾਲਿਆਂ ਦੀ ਭੀੜ ਵੀ ਵਧਣੀ ਸ਼ੁਰੂ ਹੋ ਗਈ ਹੈ। ਸੂਬੇ ਦੇ ਦੂਜੇ ਜ਼ਿਲ੍ਹਿਆਂ ਨਾਲੋਂ ਹਮੇਸ਼ਾ ਗਰਮ ਰਹਿਣ ਵਾਲਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਠੰਢ ਨੇ ਹੌਲੀ -ਹੌਲੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿੱਚ ਧੁਆਂਢੀ ਧੁੰਦ ਦੀ ਵਿਛੀ ਚਾਦਰ ਧੁੰਦ ਹੋਣ ਦਾ ਭੁਲੇਖਾ ਪਾ ਰਹੀ ਹੈ। ਧੁਆਂਖੀ ਧੁੰਦ ਕਾਰਨ ਦੁਪਹੀਆ ਵਾਹਨ ਚਾਲਕਾਂ ਤੇ ਪੈਦਲ ਜਾਂਦੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਨਾ-ਮਾਤਰ ਹੋਣ ਕਰਕੇ ਇਹ ਧੂੰਆਂ ਉਡਣ ਦੀ ਥਾਂ ਨੀਵਾਂ ਹੀ ਘੁੰਮ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅੱਜ ਲੁਧਿਆਣਾ ਵਿੱਚ ਰਾਤ ਦਾ ਤਾਪਮਾਨ 8.8 ਡਿਗਰੀ ਸੈਲਸੀਅਸ ਅਤੇ ਦਿਨ ਵੇਲੇ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਨਮੀ ਦੀ ਮਾਤਰਾ 92 ਫੀਸਦੀ ਤੱਕ ਪਹੁੰਚ ਗਈ ਹੈ।
ਬਾਜ਼ਾਰਾਂ ਵਿੱਚ ਗਰਮ ਕੱਪੜੇ ਖ਼ਰੀਦਣ ਵਾਲਿਆਂ ਦੀਆਂ ਰੌਣਕਾਂ
ਹੌਜ਼ਰੀ ਦੇ ਗੜ੍ਹ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਠੰਢ ਦੇ ਜ਼ੋਰ ਫੜਨ ਮਗਰੋਂ ਲੋਕਾਂ ਨੇ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਕਈ ਦੁਕਾਨਦਾਰਾਂ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਗਰਮ ਕੱਪੜਿਆਂ ’ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸਥਾਨਕ ਚੌੜਾ ਬਾਜ਼ਾਰ, ਘੁਮਾਰ ਮੰਡੀ, ਘੰਟਾ ਘਰ ਆਦਿ ਬਾਜ਼ਾਰਾਂ ਵਿੱਚ ਗ੍ਰਾਹਕਾਂ ਦੀਆਂ ਰੌਣਕਾਂ ਲੱਗੀਆਂ ਸ਼ੁਰੂ ਹੋ ਗਈਆਂ ਹਨ।
