ਭਾਰਤ ਨਗਰ ਚੌਕ ਦੀ ਦਿੱਖ ਬਹਾਲੀ ਦਾ ਮਾਮਲਾ ਭਖਿਆ
ਲੁਧਿਆਣਾ ਦਾ ਭਾਰਤ ਨਗਰ ਚੌਕ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ। ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮੱਤੇਵਾੜਾ ਨੇ ਇਸ ਚੌਕ ’ਤੇ ਪਹਿਲਾਂ ਦੀ ਤਰ੍ਹਾਂ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਲਗਾਉਣ ਅਤੇ ਚੌਕ ਦਾ ਸਹੀ ਨਾਮ ਭਾਰਤ ਨਗਰ ਚੌਕ ਬਹਾਲ ਕਰਨ ਦੀ ਮੰਗ ਕੀਤੀ ਹੈ। ਅੱਜ ਭਾਰਤ ਨਗਰ ਚੌਕ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਏਸੀ ਦੇ ਨੁਮਾਇੰਦਿਆਂ ਡਾ. ਅਮਨਦੀਪ ਸਿੰਘ ਬੈਂਸ ਅਤੇ ਇੰਜਨੀਅਰ ਕਪਿਲ ਅਰੋੜਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨ ਦਾ ਜਿੱਤ ਕੇ ਲਿਆਂਦਾ ਟੈਂਕ ਜੋ ਕਦੇ ਭਾਰਤ ਨਗਰ ਚੌਕ ’ਤੇ ਬੜੇ ਮਾਣ ਨਾਲ ਖੜ੍ਹਾ ਸੀ, ਹੁਣ ਇਸ ਚੌਕ ਵਿੱਚ ਹੀਰੋ ਸਾਈਕਲਜ਼ ਨੇ ਆਪਣਾ ਸਾਈਕਲ ਮਾਡਲ ਅਤੇ ਨਿਸ਼ਾਨ ਲਾ ਦਿੱਤਾ ਹੈ। ਹੋਰ ਤਾਂ ਹੋਰ ਗੋਲ ਚੱਕਰ ਦੇ ਸਾਈਨੇਜ ਤੋਂ ‘ਭਾਰਤ ਨਗਰ ਚੌਕ’ ਨਾਮ ਵੀ ਹਟਾ ਦਿੱਤਾ ਗਿਆ ਹੈ। ਮੈਂਬਰਾਂ ਨੇ ਕਿਹਾ ਕਿ ਇਹ ਸ਼ਹਿਰ ਦੇ ਅਸਲ ਹੀਰੋ ਦੀ ਯਾਦ ਨੂੰ ਮਿਟਾਉਣ ਦੀ ਕੋਸ਼ਿਸ਼ ਅਤੇ ਸਾਜ਼ਿਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਵੱਲੋਂ ਲਾਏ ਸਾਈਨ ਬੋਰਡ ਵਿੱਚ ਪੰਜਾਬੀ ਭਾਸ਼ਾ ਨਹੀਂ ਹੈ, ਜੋ ਕਿ ਪੰਜਾਬ ਸਰਕਾਰ ਦੀ ਸਰਕਾਰੀ ਭਾਸ਼ਾ ਨੀਤੀ ਅਤੇ ਪੰਜਾਬੀਆਂ ਦੇ ਬੁਨਿਆਦੀ ਸੱਭਿਆਚਾਰਕ ਅਧਿਕਾਰਾਂ ਦੀ ਉਲੰਘਣਾ ਹੈ। ਨਿਯਮਾਂ ਅਨੁਸਾਰ ਗੋਲ ਚੱਕਰ ਦੀ ਉਚਾਈ 2.5 ਫੁੱਟ ਤੋਂ ਵੱਧ ਨਹੀਂ ਹੋ ਸਕਦੀ ਅਤੇ ਕਿਸੇ ਵੀ ਤਰ੍ਹਾਂ ਦੇ ਚਮਕਦਾਰ ਇਸ਼ਤਿਹਾਰ ਲਗਾਉਣ ਦੀ ਆਗਿਆ ਨਹੀਂ ਹੈ। ਭਾਰਤ ਨਗਰ ਚੌਕ ’ਤੇ ਇੱਕ ਨਿੱਜੀ ਕੰਪਨੀ ਦੀ ਬ੍ਰਾਂਡਿੰਗ ਅਤੇ ਉੱਚੀ ਬਣਤਰ ਦੀ ਆਗਿਆ ਦੇ ਕੇ, ਸਰਕਾਰ, ਨਗਰ ਨਿਗਮ ਅਤੇ ਨਿੱਜੀ ਕੰਪਨੀ ਹੀਰੋ ਸਾਈਕਲਜ਼ ਨੇ ਇੰਜਨੀਅਰਿੰਗ ਨਿਯਮਾਂ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਐਕਸ਼ਨ ਕਮੇਟੀ ਨੇ ਲੁਧਿਆਣਾ ਦੇ ਨਿਗਮ ਅਧਿਕਾਰੀ ਦੇ ਨਾਲ-ਨਾਲ ਕੰਪਨੀ ਦੇ ਮਾਲਕ ਨੂੰ ਮਾਣਹਾਨੀ ਨੋਟਿਸ ਦੇਣ ਦੀ ਤਿਆਰੀ ਕਰ ਲਈ ਹੈ ਤੇ ਆਉਣ ਵਾਲੀ ਤਿੰਨ ਤਾਰੀਖ਼ ਤੋਂ ਪਹਿਲਾਂ ਨੋਟਿਸ ਭੇਜ ਦਿੱਤਾ ਜਾਏਗਾ। ਉਨ੍ਹਾਂ ਵੱਲੋਂ ਕਾਰਪੋਰੇਟ ਬ੍ਰਾਂਡਿੰਗ ਨੂੰ ਤੁਰੰਤ ਹਟਾਉਣ ਅਤੇ ਗੋਲ ਚੱਕਰ ਦਾ ਸਹੀ ਨਾਮ ਭਾਰਤ ਨਗਰ ਚੌਕ ਬਹਾਲ ਕਰਨ, ਮਹਾਵੀਰ ਚੱਕਰ ਵਿਜੇਤਾ ਮੇਜਰ ਭੁਪਿੰਦਰ ਸਿੰਘ ਅਤੇ ਉਹਨਾਂ ਵੱਲੋਂ ਜਿੱਤੇ ਟੈਂਕ ਦੇ ਬੁੱਤ ਨੂੰ ਚੌਕ ’ਤੇ ਮੁੜ ਸਥਾਪਿਤ ਕਰਨ, ਕਾਨੂੰਨ ਅਨੁਸਾਰ, ਸਾਰੇ ਜਨਤਕ ਸਾਈਨ ਬੋਰਡਾਂ ਵਿੱਚ ਪੰਜਾਬੀ ਦੀ ਵਰਤੋਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੰਗ ਕੀਤੀ। ਉਨ੍ਹਾਂ ਸ਼ਹੀਦ ਦੀ 60ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 3 ਅਕਤੂਬਰ ਨੂੂੰ ਸਾਰਿਆਂ ਨੂੰ ਸਵੇਰੇ 11 ਵਜੇ ਭਾਰਤ ਨਗਰ ਚੌਕ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਪੀਏਸੀ ਦੇ ਜਸਕੀਰਤ ਸਿੰਘ ਅਤੇ ਕੁਲਦੀਪ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਸ਼ਹੀਦ ਇੱਕ ਬਣਦੀ ਯਾਦਗਾਰ ਦੇ ਹੱਕਦਾਰ ਹਨ, ਰੋਲੇ ਜਾਣ ਦੇ ਨਹੀਂ। ਇਸ ਮੌਕੇ ਗੁਰਪ੍ਰੀਤ ਸਿੰਘ ਪਲਾਹਾ, ਮੋਹਿਤ ਸੱਗਰ, ਯੋਗੇਸ਼ ਮੈਣੀ ਵੀ ਮੌਜੂਦ ਸਨ।