ਭਾਸ਼ਾ ਵਿਭਾਗ ਦਾ ਦਫ਼ਤਰ ਪਿਛਲੇ ਕਈ ਸਾਲਾਂ ਤੋਂ ਇੰਸਟਰਕਟਰ ਤੋਂ ਸੱਖਣਾ
ਸਤਵਿੰਦਰ ਬਸਰਾ
ਲੁਧਿਆਣਾ, 6 ਮਈ
ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਭਵਨ ਸਥਿਤ ਦਫਤਰ ਵਿੱਚ ਪਿਛਲੇ 10 ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਟੈਨੋਗ੍ਰਾਫਰ ਦੀ ਤਿਆਰੀ ਕਰਵਾਉਣ ਵਾਲੇ ਇੰਸਟਰਕਟਰ ਦੀ ਅਸਾਮੀ ਖਾਲੀ ਪਈ ਹੈ। ਸਾਲ 2014 ਵਿੱਚ ਸੇਵਾ ਮੁਕਤ ਹੋਏ ਇੰਸਟਰਕਟਰ ਤੋਂ ਬਾਅਦ ਇੱਥੇ ਕੋਈ ਨਵਾਂ ਇੰਸਟਰਕਟਰ ਨਹੀਂ ਆਇਆ। 2014 ਤੋਂ ਪਹਿਲਾਂ ਇੱਥੋਂ ਸਿਖਲਾਈ ਲੈਣ ਵਾਲੇ ਵਿਦਿਆਰਥੀ ਅੱਜ ਵੀ ਕਈ ਸਰਕਾਰੀ ਅਦਾਰਿਆਂ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇੰਸਟਰਕਟਰ ਦੀ ਭਰਤੀ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਨਰਲ ਪ੍ਰੀਖਿਆ ਲੈ ਲਈ ਗਈ ਹੈ ਅਤੇ ਜਲਦੀ ਹੀ ਬਾਕੀ ਪ੍ਰਕਿਰਿਆ ਵੀ ਮੁਕੰਮਲ ਹੋ ਜਾਵੇਗੀ।
ਸੂਬਾ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿੱਚ ਸਾਰਾ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਕੰਮ ਤਾਂ ਹੀ ਵਧੀਆ ਢੰਗ ਨਾਲ ਹੋ ਸਕਣਗੇ ਜੇਕਰ ਇਨ੍ਹਾਂ ਦਫਤਰਾਂ ਵਿੱਚ ਪੰਜਾਬੀ ਸਟੈਨੋਗ੍ਰਾਫਰ ਅਤੇ ਪੰਜਾਬੀ ਟਾਈਪਿਸਟ ਹੋਣਗੇ। ਸਾਲ 2014 ਤੋਂ ਪਹਿਲਾਂ ਭਾਸ਼ਾ ਵਿਭਾਗ ਦੇ ਪੰਜਾਬੀ ਭਵਨ ’ਚ ਪੈਂਦੇ ਦਫਤਰ ਵਿੱਚ ਹੀ ਨੌਜਵਾਨਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਅਤੇ ਪੰਜਾਬੀ ਟਾਈਪਿੰਗ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਹ ਸਿਖਲਾਈ ਬਿਲਕੁਲ ਮੁਫਤ ਸੀ ਅਤੇ ਰਿਜ਼ਰਵ ਸ਼੍ਰੇਣੀਆਂ ਨਾਲ ਸਬੰਧਤ ਬੱਚਿਆਂ ਨੂੰ ਵਜ਼ੀਫੇ ਤੱਕ ਵੀ ਦਿੱਤੇ ਜਾਂਦੇ ਸਨ। ਸਾਲ 2014 ਵਿੱਚ ਪੁਰਾਣੇ ਇੰਸਟਰਕਟਰ ਦੇ ਸੇਵਾ ਮੁਕਤੀ ਤੋਂ ਬਾਅਦ ਇਹ ਦਫਤਰ ਇੰਸਟਰਕਟਰ ਤੋਂ ਬਿਲਕੁਲ ਸੱਖਣਾ ਹੋ ਗਿਆ। ਪੰਜਾਬੀ ਭਵਨ ਦੇ ਦਫਤਰ ਤੋਂ ਇਲਾਵਾ ਮੌਜੂਦਾ ਸਮੇਂ ਹੋਰ ਜ਼ਿਲ੍ਹਿਆਂ ’ਚੋਂ ਸਿਰਫ ਦੋ ਥਾਵਾਂ ’ਤੇ ਹੀ ਇੰਸਟਰਕਟਰ ਸੇਵਾਵਾਂ ਦੇ ਰਹੇ ਹਨ ਜਦਕਿ ਬਾਕੀ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਹੁਣ ਵੀ ਰੋਜ਼ਾਨਾਂ ਕਈ ਨੌਜਵਾਨ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਭਾਸ਼ਾ ਵਿਭਾਗ ਦੇ ਲੁਧਿਆਣਾ ਸਥਿਤ ਦਫਤਰ ਪੁੱਛਣ ਆਉਂਦੇ ਹਨ ਪਰ ਨਿਰਾਸ਼ ਹੋ ਕੇ ਵਾਪਸ ਮੁੜ ਰਹੇ ਹਨ। ਗਰੀਬ ਪਰਿਵਾਰਾਂ ਨਾਲ ਸਬੰਧਤ ਇਨ੍ਹਾਂ ਵਿਦਿਆਰਥੀਆਂ ਨੂੰ ਮਜਬੂਰ ਹੋ ਕੇ ਪ੍ਰਾਈਵੇਟ ਅਦਾਰਿਆਂ ਵਿੱਚ ਵਾਧੂ ਫੀਸਾਂ ਦੇ ਕੇ ਸਿਖਲਾਈ ਲੈਣੀ ਪੈ ਰਹੀ ਹੈ।
ਭਰਤੀ ਲਈ ਪ੍ਰਕਿਰਿਆ ਚੱਲ ਰਹੀ ਹੈ: ਭਾਸ਼ਾ ਅਫਸਰ
ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਇੰਸਟ੍ਰਕਟਰ ਦੀ ਭਰਤੀ ਲਈ ਪ੍ਰਕਿਰਿਆ ਚੱਲ ਰਹੀ ਹੈ। ਇਹ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਕੀਤੀ ਜਾਣੀ ਹੈ। ਇਸ ਸਬੰਧੀ ਜਨਰਲ ਪ੍ਰੀਖਿਆ ਹੋ ਚੁੱਕੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਂਦੇ ਸਮੇਂ ਵਿੱਚ ਸਾਰੀ ਪ੍ਰੀਕਿਰਿਆ ਮੁਕੰਮਲ ਕਰਕੇ ਲੁਧਿਆਣਾ ਨੂੰ ਨਵਾਂ ਇੰਸਟਰਕਟਰ ਮਿਲ ਜਾਵੇਗਾ। ਸ੍ਰੀ ਰੀ ਸ਼ਰਮਾ ਨੇ ਵੀ ਮੰਨਿਆਂ ਕਿ ਰੋਜ਼ਾਨਾਂ ਕਈ ਨੌਜਵਾਨ ਪੰਜਾਬ ਸਟੈਨੋਗ੍ਰਾਫੀ ਦੇ ਕੋਰਸ ਲਈ ਪੁੱਛਣ ਆ ਰਹੇ ਹਨ। ਇਹ ਕੋਰਸ ਨੌਜਵਾਨਾਂ ਲਈ ਸਰਕਾਰੀ ਨੌਕਰੀ ਦੇ ਨਾਲ ਨਾਲ ਆਪਣਾ ਕੰਮ ਸ਼ੁਰੂ ਕਰਨ ਲਈ ਵੀ ਲਾਹੇਵੰਦ ਹੈ।