ਸਤਲੁਜ ਦਰਿਆ ਵਿੱਚ ‘ਅੰਧਵਿਸ਼ਵਾਸ’ ਦਾ ਵਹਿਣ
ਸਨਅਤੀ ਸ਼ਹਿਰ ਲੁਧਿਆਣਾ ਵਿੱਚੋਂ ਲੰਘਦੇ ਬੁੱਢੇ ਦਰਿਆ ਨੂੰ ਸਭ ਤੋਂ ਪ੍ਰਦੂਸ਼ਿਤ ਮੰਨਿਆ ਜਾਂਦਾ ਸੀ ਪਰ ਸਤਲੁਜ ਦੇ ਅੰਦਰ ਅਤੇ ਕਿਨਾਰਿਆਂ ’ਤੇ ਲੋਕਾਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਨੇ ਇਸ ਨੂੰ ਬੁੱਢੇ ਦਰਿਆ ਤੋਂ ਵੀ ਵੱਧ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਮ ਦੀ ਆੜ ਹੇਠ ਲੋਕਾਂ ਵੱਲੋਂ ਦਰਿਆ ਦੇ ਵਿੱਚ ਹੀ ਨਹੀਂ ਸਗੋਂ ਦਰਿਆ ਦੇ ਕੰਢਿਆ ’ਤੇ ਦੀਵੇ, ਕੁੱਜੇ, ਨਾਰੀਅਲ, ਮੂਰਤੀਆਂ, ਧਾਰਮਿਕ ਤਸਵੀਰਾਂ ਅਤੇ ਪੁਰਾਣੇ ਕੱਪੜੇ ਸੁੱਟੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕਦੇ ਸਾਫ਼ ਪਾਣੀ ਦੇ ਸੋਮੇ ਵਜੋਂ ਲੁਧਿਆਣਾ ਵਿੱਚੋਂ ਲੰਘਦੇ ਬੁੱਢੇ ਦਰਿਆ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ, ਡਾਇੰਗ ਮਿੱਲਾਂ, ਡੇਅਰੀਆਂ ਅਤੇ ਘਰਾਂ ਦੇ ਪ੍ਰਦੂਸ਼ਿਤ ਪਾਣੀ ਨੇ ਪਲੀਤ ਕਰ ਦਿੱਤਾ ਸੀ। ਮੌਜੂਦਾ ਸਮੇਂ ਭਾਵੇਂ ਇਸ ਦਰਿਆ ਨੂੰ ਸਾਫ਼ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਲੋਕਾਂ ਨੇ ਸਤਲੁਜ ਦਰਿਆ ਨੂੰ ਵੀ ਬੁੱਢੇ ਦਰਿਆ ਦੀ ਤਰ੍ਹਾਂ ਪ੍ਰਦੂਸ਼ਿਤ ਕਰ ਦੇਣਾ ਹੈ। ਸਤਲੁਜ ਦਰਿਆ ’ਤੇ ਬਣੇ ਪੁਲ ਤੋਂ ਰੋਜ਼ਾਨਾ ਲੋਕ ਪਲਾਸਟਿਕ ਦੇ ਲਿਫਾਫਿਆਂ ਸਮੇਤ ਕੂੜਾ ਅਤੇ ਹੋਰ ਸਮੱਗਰੀ ਦਰਿਆ ਵਿੱਚ ਸੁੱਟਦੇ ਦੇਖੇ ਜਾ ਸਕਦੇ ਹਨ। ਕਈ ਵਾਤਾਵਰਨ ਪ੍ਰੇਮੀਆਂ ਵੱਲੋਂ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਕੀਤਾ ਜਾਂਦਾ ਹੈ ਪਰ ਇਹ ਵਰਤਾਰਾ ਪੂਰੀ ਤਰ੍ਹਾਂ ਨਹੀਂ ਰੁਕ ਰਿਹਾ। ਵਾਤਾਵਰਨ ਪ੍ਰੇਮੀ ਮਹਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਖਹਿਰਾ, ਜਸਕੀਰਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਪਿਛਲੇ ਦਿਨਾਂ ਦੌਰਾਨ ਸਰਕਟ ਹਾਊਸ ਵਿੱਚ ਜੋਤਸ਼ੀਆਂ, ਮੰਦਿਰਾਂ ਦੇ ਪੁਜਾਰੀਆਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਰਿਆਵਾਂ ਵਿੱਚ ਨਾ ਸੁੱਟਣ ਦੀ ਅਪੀਲ ਵੀ ਕੀਤੀ ਗਈ ਸੀ। ਸ੍ਰੀ ਸੇਖੋਂ ਨੇ ਕਿਹਾ ਕਿ ਜਿਸ ਤਰ੍ਹਾਂ ਨਗਰ ਨਿਗਮ ਦੇ ਇੱਕ ਅਧਿਕਾਰੀ ਵੱਲੋਂ ਪਿਛਲੇ ਦਿਨਾਂ ਦੌਰਾਨ ਸਿੱਧਵਾਂ ਨਹਿਰ ਆਦਿ ਵਿੱਚ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ, ਉਸੇ ਤਰਜ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਸਤਲੁਜ ਦਰਿਆ ਵਿੱਚ ਕੂੜਾ ਸੁੱਟਣ ਵਾਲਿਆਂ ’ਤੇ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ।
