ਪਲੇਠਾ ਮਾਤਾ ਮੁਖਤਿਆਰ ਕੌਰ ਯਾਦਗਾਰੀ ਐਵਾਰਡ ਰੇਸ਼ਮਾ ਖਾਤੂਨ ਦੇ ਨਾਮ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੂਨ
ਸਿੱਧਵਾਂ ਬੇਟ ਤੋਂ ਸਮਾਜ ਸੇਵੀ ਸਿੱਧੂ ਪਰਿਵਾਰ ਵੱਲੋਂ ਮਾਤਾ ਮੁਖਤਿਆਰ ਕੌਰ ਯਾਦਗਾਰੀ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪਹਿਲਾ ਐਵਾਰਡ ਰੇਸ਼ਮਾ ਖਾਤੂਨ ਦੇ ਨਾਮ ਗਿਆ ਹੈ। ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਹੀਰੋ ਮੋਟਰ ਸਾਈਕਲਾਂ ਦੀ ਡੀਲਰਸ਼ਿਪ ਏਐਸ ਆਟਰੋਮੋਬਾਈਲਜ਼ ਦੇ ਐਮਡੀ ਗੁਰਿੰਦਰ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਆਪਣੀ ਮਾਤਾ ਮੁਖਤਿਆਰ ਕੌਰ ਦੇ ਨਾਮ 'ਤੇ ਸ਼ੁਰੂ ਕੀਤਾ ਹੈ। ਇਸ ਦਾ ਮੁੱਖ ਮਕਸਦ ਮੈਡੀਕਲ ਤੇ ਨਾਨ-ਮੈਡੀਕਲ ਵਿੱਚ ਅੱਵਲ ਆਉਣ ਵਾਲੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਹਰ ਸੰਭਵ ਮਦਦ ਕਰਨਾ ਹੈ। ਜੋ ਬੱਚੇ ਨਾਨ ਮੈਡੀਕਲ ਵਿੱਚੋਂ ਵਧੀਆ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਆਉਣਗੇ ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਜਾਇਆ ਕਰੇਗਾ।
ਇਸ ਵਾਰ ਇਹ ਐਵਾਰਡ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸਿੱਧਵਾਂ ਬੇਟ ਦੀ ਵਿਦਿਆਰਥਣ ਰੇਸ਼ਮਾ ਖਾਤੂਨ ਦੇ ਨਾਮ ਗਿਆ। ਇਸ ਹੋਣਹਾਰ ਬੱਚੀ ਨੇ 2 ਨਾਨ ਮੈਡੀਕਲ ਗਰੁੱਪ ਵਿੱਚੋਂ 91.4 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਐਵਾਰਡ ਜਗਦੀਸ਼ਰ ਸਿੰਘ ਸਿੱਧੂ ਤੇ ਪਰਿਵਾਰ ਵੱਲੋਂ ਦਿੱਤਾ ਗਿਆ ਜੋ ਹੋਣਹਾਰ ਵਿਦਿਆਰਥਣ ਦੇ ਸਪੁਰਦ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਅਤੇ ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਐਵਾਰਡ ਦੇ ਨਾਲ ਰੇਸ਼ਮਾ ਖਾਤੂਨ ਨੂੰ 21000 ਰੁਪਏ ਦੀ ਨਕਦ ਰਾਸ਼ੀ ਸੌਂਪੀ ਗਈ। ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਰ ਸਾਲ ਮਿਹਨਤ ਨਾਲ ਅੱਵਲ ਆਉਣ ਵਾਲੇ ਬੱਚਿਆਂ ਨੂੰ ਮਾਤਾ ਮੁਖਤਿਆਰ ਕੌਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।