ਰਾਏਕੋਟ ’ਚ ਗੁੱਗਾ ਮਾੜੀ ਮੇਲੇ ਦੇ ਦੂਜੇ ਦਿਨ ਘੱਟ ਰਹੀ ਰੌਣਕ
ਇੱਥੇ ਸ਼ੁਰੂ ਹੋਏ ਗੁੱਗਾ ਮਾੜੀ ਮੇਲੇ ਦੇ ਦੂਜੇ ਦਿਨ ਵੀ ਮੇਲੇ ਵਿੱਚ ਰਵਾਇਤੀ ਰੌਣਕ ਦੀ ਕਮੀ ਦਿਖਾਈ ਦਿੱਤੀ। ਮੇਲੇ ਵਿੱਚ ਮਿਠਾਈਆਂ, ਫ਼ਲਾਂ, ਖਿਡੌਣਿਆਂ ਦੀਆਂ ਦੁਕਾਨਾਂ ਤੋਂ ਇਲਾਵਾ ਪੀਂਘਾਂ, ਚੰਡੋਲ, ਝੂਲਿਆਂ, ਕਿਸ਼ਤੀਆਂ ਸਮੇਤ ਹੋਰ ਰਵਾਇਤੀ ਦੁਕਾਨਾਂ ਤਾਂ ਖੂਬ ਸਜੀਆਂ ਹੋਈਆਂ ਸਨ। ਰਾਏਕੋਟ ਦੀ ਗੁੱਗਾ ਮਾੜੀ ਦੇ ਨੇੜੇ ਹੀ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਜਿੱਥੇ ਕਈ ਨਾਮਵਰ ਗਾਇਕਾਂ ਨੇ ਪੇਸ਼ਕਾਰੀਆਂ ਦਿੱਤੀਆਂ, ਪਰ ਇਸ ਵਾਰ ਮੇਲੀਆਂ ਦੀ ਕਮੀ ਕਾਰਨ ਮੇਲਾ ਫਿੱਕਾ ਹੀ ਰਿਹਾ। ਸ਼ਹਿਰ ਦੇ ਹਰੀ ਸਿੰਘ ਨਲੂਆ ਚੌਕ ਤੋਂ ਮਾਲੇਰਕੋਟਲਾ ਰੋਡ ’ਤੇ ਸੜਕ ਦੇ ਦੋਵੇਂ ਪਾਸੇ ਲੱਗੀਆਂ ਦੁਕਾਨਾਂ ਕਾਰਨ ਸੜਕੀ ਆਵਾਜਾਈ ਦੀ ਰਫ਼ਤਾਰ ਧੀਮੀ ਰਹੀ। ਸ਼ਹਿਰ ਦੇ ਬੱਸ ਸਟੈਂਡ, ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਨੇੜੇ ਅਤੇ ਲੁਧਿਆਣਾ ਰੋਡ ਉਪਰ ਤਲਵੰਡੀ ਗੇਟ ਤੱਕ ਤੇ ਤਾਜਪੁਰ ਚੌਕ ਦੇ ਦੋਵੇਂ ਪਾਸੇ ਵੱਖ-ਵੱਖ ਸਟਾਲ ਤੇ ਖਾਣ-ਪੀਣ ਦੀਆਂ ਦੁਕਾਨਾਂ ਸਜੀਆਂ ਸਨ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਨਗਰ ਕੌਂਸਲ ਰਾਏਕੋਟ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਸਨ। ਉਪ ਪੁਲੀਸ ਕਪਤਾਨ ਰਾਏਕੋਟ ਹਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸ਼ਹਿਰੀ ਦੇ ਮੁਖੀ ਅਮਰਜੀਤ ਗਿੱਲ ਅਤੇ ਸਦਰ ਪੁਲੀਸ ਦੇ ਮੁਖੀ ਕੁਲਵਿੰਦਰ ਸਿੰਘ ਪੁਲੀਸ ਫੋਰਸ ਸਮੇਤ ਤਾਇਨਾਤ ਸਨ। ਟਰੈਫ਼ਿਕ ਪੁਲੀਸ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਮੇਲੇ ਵਿੱਚ ਕਈ ਤਰ੍ਹਾਂ ਦੇ ਗ਼ੈਰ-ਕਾਨੂੰਨੀ ਲਾਟਰੀ ਅਤੇ ਲੱਕੀ ਡਰਾਅ ਦੇ ਸਟਾਲ ਸ਼ਰ੍ਹੇਆਮ ਚੱਲਦੇ ਰਹੇ। ਪੁਲੀਸ ਵੱਲੋਂ ਕੀਤੇ ਪ੍ਰਬੰਧਾਂ ਦੇ ਬਾਵਜੂਦ ਮੋਟਰਸਾਈਕਲ ਸਵਾਰ ਅਤੇ ਟਰੈਕਟਰਾਂ ਉੱਪਰ ਵੱਡੇ ਸਪੀਕਰ ਤੇ ਡੈੱਕ ਲਾ ਕੇ ਗੇੜੇ ਲਾਉਣ ਵਾਲੇ ਹੁੱਲੜਬਾਜ਼ ਸਰਗਰਮ ਦਿਖਾਈ ਦਿੱਤੇ।