ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸਮਾਗਮ 24 ਤੋਂ
ਸੰਪਰਦਾਇ ਰਾੜਾ ਸਾਹਿਬ ਦੇ ਬਾਨੀ ਪਰਮ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਬਰਸੀ ਦੇ ਸਮਾਗਮ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸੰਤ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ 24 ਤੋਂ 26 ਅਗਸਤ ਤੱਕ ਸਮੂਹ ਟਰਸੱਟੀ ਅਤੇ ਸਮੂਹ ਪ੍ਰਬੰਧਕਾਂ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਹਨ। ਬਰਸੀ ਸਮਾਗਮ ਸਬੰਧੀ ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ, ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਡਸਾਂ ਤੇ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸੀ ਦੇ ਸਮਾਗਮ ਦੀਆਂ ਤਿਆਰੀਆ ਮੁਕੰਮਲ ਹੋ ਚੁੱਕੀਆਂ ਹਨ। 24 ਨੂੰ ਸਵੇਰੇ 10 ਵਜੇ ਅਖੰਡ ਪਾਠ ਆਰੰਭ ਹੋਣਗੇ ਤੇ ਰੋਜ਼ ਸ਼ਾਮ ਨੂੰ 7 ਵਜੇ ਤੋਂ ਰਾਤ 10 ਵਜੇ ਤੱਕ ਧਾਰਮਿਕ ਦੀਵਾਨ ਸਜਣਗੇ। 25 ਨੂੰ ਸਾਰਾ ਦਿਨ ਤੇ ਸਾਰੀ ਰਾਤ ਰੈਣ ਸਬਾਈ ਕੀਰਤਨ ਹੋਵੇਗਾ। 26 ਨੂੰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਹੋਣ ਮਗਰੋਂ ਅੰਮ੍ਰਿਤ ਵੇਲੇ ਭੋਗ ਪਾਏ ਜਾਣਗੇ। ਇਸ ਤੋਂ ਬਾਅਦ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਹੋਵੇਗਾ ਤੇ 2 ਵਜੇ ਤੱਕ ਦੀਵਾਨ ਸਜਣਗੇ। ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤ ਦੇ ਰਹਿਣ-ਸਹਿਣ, ਜੋੜਾ-ਘਰ, ਗੱਠੜੀ ਘਰ, ਪਾਰਕਿੰਗ ਦੇ ਪ੍ਰਬੰਧ ਵੀ ਮੁਕੰਮਲ ਹੋ ਚੁੱਕੇ ਹਨ।