ਵਫ਼ਦ ਨੇ ਪ੍ਰਾਜੈਕਟ ਦਾ ਜਾਇਜ਼ਾ ਲਿਆ
ਵਰਲਡ ਬੈਂਕ ਦੇ ਅਧਿਕਾਰੀਆਂ ਦੇ ਵਫ਼ਦ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਸਲਾਹਕਾਰ ਬੀ ਕੇ ਡੀ ਰਾਜਾ ਦੀ ਅਗਵਾਈ ਹੇਠ ਵਰਲਡ ਬੈਂਕ ਦੇ ਵਫ਼ਦ ਨੇ ਬਿਲਗਾ ਸਾਈਟ (ਨੇੜੇ ਸਾਹਨੇਵਾਲ) ਦਾ ਦੌਰਾ ਕੀਤਾ ਜਿੱਥੇ ਪ੍ਰਾਜੈਕਟ ਤਹਿਤ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂਟੀਪੀ) ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਫ਼ਦ ਨੇ ਸ਼ਹਿਰ ਵਿੱਚ ਕਈ ਥਾਵਾਂ ਦਾ ਨਿਰੀਖਣ ਵੀ ਕੀਤਾ, ਜਿੱਥੇ ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ। ਨਿਰੀਖਣ ਦੌਰਾਨ ਡਿਪਟੀ ਪ੍ਰਾਜੈਕਟ ਮੈਨੇਜਰ ਕਲਿਆਣ ਸਿੰਘਲ, ਨਿਗਰਾਨ ਇੰਜਨੀਅਰ ਪਾਰੁਲ ਗੋਇਲ ਅਤੇ ਮੈਨੇਜਰ (ਵਾਤਾਵਰਨ ਅਤੇ ਸਮਾਜਿਕ) ਸੁਮਿਤ ਅਰੋੜਾ ਸਣੇ ਹੋਰ ਮੌਜੂਦ ਸਨ। ਵਰਲਡ ਬੈਂਕ ਅਤੇ ਏਆਈਆਈਬੀ ਵੱਲੋਂ ਫੰਡ ਕੀਤੇ ਨਹਿਰੀ ਜਲ ਸਪਲਾਈ ਪ੍ਰਾਜੈਕਟ ਦਾ ਪਹਿਲਾ ਪੜਾਅ ਲਗਭਗ 1300 ਕਰੋੜ ਰੁਪਏ (ਸਿਵਲ ਕਾਰਜ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਇੱਕ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਵੀ ਬਣਾਇਆ ਜਾ ਰਿਹਾ ਹੈ ਜਿੱਥੋਂ ਸ਼ਹਿਰ ਨੂੰ ਟਰੀਟ ਕੀਤਾ ਸਤਹੀ ਪਾਣੀ ਸਪਲਾਈ ਕੀਤਾ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਅਤੇ ਸਬੰਧਤ ਪਾਈਪਲਾਈਨਾਂ ਵੀ ਵਿਛਾਈਆਂ ਜਾ ਰਹੀਆਂ ਹਨ। ਵਰਲਡ ਬੈਂਕ ਦੇ ਅਧਿਕਾਰੀਆਂ ਦੇ ਵਫ਼ਦ ਨੇ ਕੰਮ ਦੀ ਗਤੀ ਦੀ ਸ਼ਲਾਘਾ ਕੀਤੀ ਅਤੇ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।
ਨਿਰਧਾਰਤ ਸਮੇਂ ’ਚ ਕੰਮ ਕਰਨ ਦੇ ਨਿਰਦੇਸ਼ ਜਾਰੀ: ਕਮਿਸ਼ਨਰ
Advertisementਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਨਿਰਧਾਰਤ ਸਮੇਂ ਅੰਦਰ ਕੰਮ ਪੂਰਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸੀਨੀਅਰ ਡਿਪਟੀ ਮੇਅਰ ਨੇ ਕੰਮ ਦਾ ਜਾਇਜ਼ਾ ਲਿਆ
ਲੁਧਿਆਣਾ (ਟ ਨ ਸ): ਨਗਰ ਨਿਗਮ ਦਫ਼ਤਰਾਂ ਵਿੱਚ ਸੁਰੱਖਿਆ ਅਤੇ ਸੁਚਾਰੂ ਕੰਮ-ਕਾਜ ਯਕੀਨੀ ਬਣਾਉਣ ਲਈ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਮਾਤਾ ਰਾਣੀ ਚੌਕ ਨੇੜੇ ਨਗਰ ਨਿਗਮ ਜ਼ੋਨ- ਏ ਦਫ਼ਤਰ ਵਿੱਚ ਵਾਟਰਪਰੂਫਿੰਗ ਦਾ ਕੰਮ ਮੁਕੰਮਲ ਹੋਣ ’ਤੇ ਜਾਇਜ਼ਾ ਲਿਆ। ਪਿਛਲੀ ਬਰਸਾਤ ਦੌਰਾਨ ਕੁਝ ਥਾਵਾਂ ’ਤੇ ਲੀਕੇਜ ਦੀ ਰਿਪੋਰਟ ਆਉਣ ਤੋਂ ਬਾਅਦ ਛੱਤ ਦੀ ਵਾਟਰਪਰੂਫਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਦਫ਼ਤਰ ਵਿੱਚ ਮਹਿਲਾ ਸਟਾਫ ਅਤੇ ਲੋਕਾਂ ਲਈ ਵਾਧੂ ਪਖਾਨਾ ਸਥਾਪਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਏ.ਟੀ.ਪੀ ਗੁਰਵਿੰਦਰ ਸਿੰਘ, ਐੱਸ.ਡੀ.ਓ. ਅਕਸ਼ੈ ਬਾਂਸਲ ਤੇ ਠੇਕੇਦਾਰ ਮੌਜੂਦ ਸਨ।
