ਮੁੰਡੀਆਂ ਵੱਲੋਂ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ
ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਅੱਜ ਨੇੜਲੇ ਪਿੰਡ ਪੋਨਾ ਪਹੁੰਚੇ। ਉਨ੍ਹਾਂ ਇਥੇ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਕਰੀਬ ਬਾਰਾਂ ਦਿਨ ਬਾਅਦ ਜ਼ਿੰਦਗੀ ਦੀ ਲੜਾਈ ਹਾਰ ਗਏ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕੈਬਨਿਟ ਮੰਤਰੀ ਮੁੰਡੀਆਂ ਨੇ ਰਾਜਵੀਰ ਜਵੰਦਾ ਦੀ ਮਾਂ ਸਾਬਕਾ ਸਰਪੰਚ ਪਰਮਜੀਤ ਕੌਰ ਤੇ ਪਰਿਵਾਰ ਦੇ ਹੋਰਨਾਂ ਜੀਆਂ ਨੂੰ ਭਰੋਸਾ ਦਿੱਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅੰਤਿਮ ਸਸਕਾਰ ਵਾਲੇ ਦਿਨ 9 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੰਡ ਪੋਨਾ ਪਰਿਵਾਰ ਕੋਲ ਹਮਦਰਦੀ ਜ਼ਾਹਰ ਕਰਨ ਲਈ ਆਏ ਸਨ। ਮੁੱਖ ਮੰਤਰੀ ਦੇ ਦਿਲ ਵਿੱਚ ਕਲਾਕਾਰਾਂ ਲਈ ਵਿਸ਼ੇਸ਼ ਥਾਂ ਹੈ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਰਾਜਵੀਰ ਜਵੰਦਾ ਸਾਫ਼ ਸੁਥਰੀ ਤੇ ਵਧੀਆ ਗਾਇਕੀ ਵਾਲਾ ਉਹ ਕਲਾਕਾਰ ਸੀ ਜਿਹੜਾ ਕਦੇ ਵਿਵਾਦਾਂ ਵਿੱਚ ਨਹੀਂ ਪਿਆ। ਉਹ ਚੜ੍ਹਦੀਕਲਾ ਵਾਲਾ ਅਜਿਹਾ ਨੌਜਵਾਨ ਸੀ ਜੋ ਆਪਣੀ ਗਾਇਕੀ ਦੇ ਨਾਲ-ਨਾਲ ਪੇਸ਼ਕਾਰੀ ਨਾਲ ਮੋਹ ਲੈਂਦਾ ਸੀ। ਜਿੰਨਾ ਵਧੀਆ ਉਹ ਕਲਾਕਾਰ ਸੀ ਉਸ ਤੋਂ ਵਧੀਆ ਇਨਸਾਨ ਸੀ। ਪਰ ਅਫ਼ਸੋਸ ਕਿ ਅਵਾਰਾ ਪਸ਼ੂਆਂ ਕਾਰਨ ਹੋਏ ਸੜਕ ਹਾਦਸੇ ਨੇ ਸਾਡੇ ਕੋਲੋਂ, ਪਰਿਵਾਰ ਕੋਲੋਂ ਤੇ ਪੰਜਾਬ ਕੋਲੋਂ ਹੀਰਾ ਪੁੱਤ ਖੋਹ ਲਿਆ ਹੈ। ਪਿੰਡ ਪੋਨਾ ਦੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜਵੰਦਾ ਨੇ ਦੱਸਿਆ ਕਿ ਰਾਜਵੀਰ ਜਵੰਦਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੋਨਾ (ਜਗਰਾਉਂ) ਵਿਖੇ 11 ਤੋਂ 2 ਵਜੇ ਤੱਕ ਹੋਵੇਗੀ।