ਪੰਜਾਬ ’ਚ ਦਿੱਲੀ ਵਾਲਿਆਂ ਨੂੰ ਟੈਂਡਰ ਦਿੱਤੇ ਜਾ ਰਹੇ ਨੇ: ਸੋਖੀ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਦੋਸ਼ ਲਾਇਆ ਹੈ ਕਿ ਆਪ ਸਰਕਾਰ ਪੰਜਾਬ ਦਾ ਪੈਸਾ ਦਿੱਲੀ ਪਹੁੰਚਾ ਰਹੀ ਹੈ ਜਦਕਿ ਪੰਜਾਬ ਦੇ ਲੰਮਾਂ ਸਮਾਂ ਮੁੱਖ ਮੰਤਰੀ ਰਹੇ ਸਨ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦਾ ਪੈਸਾ ਪੰਜਾਬ ਲਿਆ ਕੇ ਸੂਬੇ ਦਾ ਸਰਬਪੱਖੀ ਵਿਕਾਸ ਕਰਾਇਆ ਸੀ। ਉਨ੍ਹਾਂ ਗਿੱਲ ਰੋਡ ਖੇਤਰ ਵਿਚ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ਆਪ ਸਰਕਾਰ ਨੇ ਕੁਝ ਹੀ ਸਮੇਂ ਅੰਦਰ ਸਰਕਾਰੀ ਖਜ਼ਾਨੇ ਉੱਪਰ ਲੱਖਾਂ ਕਰੋੜਾਂ ਰੁਪਿਆਂ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਦੀ ਕਠਪੁਤਲੀ ਬਣੀ ਸਰਕਾਰ ਨੇ ਪੰਜਾਬੀਆਂ ਦਾ ਪੈਸਾ ਕੇਜਰੀਵਾਲ ਦੀ ਝੋਲੀ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਸਮੇਤ ਹਰ ਤਰ੍ਹਾਂ ਦੇ ਸਰਕਾਰੀ ਟੈਂਡਰ ਦਿੱਲੀ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ ਜਿਸ ਨਾਲ ਸੂਬੇ ਦੇ ਵਪਾਰੀ ਵੀ ਵਿਹਲੇ ਹੋ ਗਏ ਹਨ। ਸ੍ਰੀ ਸੋਖੀ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਸਰਕਾਰ ਦੀਆਂ ਸੂਬਾ ਵਿਰੋਧੀ ਕਾਰਵਾਈਆਂ ਅਤੇ ਅਕਾਲੀ ਦਲ ਦੀਆਂ ਨੀਤੀਆਂ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਤਾਂ ਜੋ ਪੰਜਾਬ ਦੇ ਲੋਕ ‘ਆਪ’ ਵਾਲਿਆਂ ਨੂੰ ਸਬਕ ਸਿਖਾ ਸਕਣ। ਇਸ ਮੌਕੇ ਸੰਤੋਖ ਸਿੰਘ, ਪ੍ਰਵੀਨ ਭਾਰਤੀ, ਬਲਕਾਰ ਸਿੰਘ (ਤਿੰਨੋ ਸਰਕਲ ਜਥੇਦਾਰ), ਮਾਸਟਰ ਰਣਜੀਤ ਸਿੰਘ, ਇੰਦਰਜੀਤ ਸਿੰਘ ਗਿੱਲ, ਜਤਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਕੈਲੇ, ਸ਼ਮਸ਼ੇਰ ਸਿੰਘ ਗਰੇਵਾਲ, ਕੌਂਸਲਰ ਇੰਦਰਜੀਤ ਸਿੰਘ ਰੂਬੀ ਲੋਟੇ, ਡਾਕਟਰ ਕਮਲਜੀਤ ਸਿੰਘ, ਅਮਰਦੀਪ ਸਿੰਘ ਦੀਪੀ, ਬੀਬੀ ਪ੍ਰੀਤੀ ਅਰੋੜਾ, ਬੀਬੀ ਭੁਪਿੰਦਰ ਕੌਰ ਦੁੱਗਰੀ ਅਤੇ ਬੀਬੀ ਬਲਵੀਰ ਕੌਰ ਆਦਿ ਵੀ ਹਾਜ਼ਰ ਸਨ।
