5.82 ਕਰੋੜ ਨਾਲ ਤਿਆਰ ਹੋਏ ਆਲ-ਵੈਦਰ ਸਵੀਮਿੰਗ ਪੂਲ ਨੂੰ ਟੈਂਡਰ ਦੀ ਉਡੀਕ
ਸਮਾਰਟ ਸਿਟੀ ਤਹਿਤ ਰੱਖਬਾਗ ਨੇੜੇ 5.82 ਕਰੋੜ ਰੁਪਏ ਦੀ ਲਾਗਤ ਨਾਲ ਆਲ-ਵੈਦਰ ਸਵੀਮਿੰਗ ਪੂਲ ਬਣਾਇਆ ਗਿਆ ਹੈ ਪਰ ਇਸ ਨੂੰ ਹਾਲੇ ਤੱਕ ਸ਼ੁਰੂ ਨਹੀਂ ਕੀਤਾ ਜਾ ਸੱਕਿਆ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਆਲ-ਵੈਦਰ ਸਵੀਮਿੰਗ ਪੂਲ ਨੂੰ ਹਾਲੇ ਤੱਕ ਨਾ ਤਾਂ ਬਿਜਲੀ ਦਾ ਕੁਨੈਕਸ਼ਨ ਮਿਲਿਆ ਹੈ ਤੇ ਨਾ ਹੀ ਉਸ ਨੂੰ ਚਲਾਉਣ ਦਾ ਟੈਂਡਰ ਲਗਾਇਆ ਗਿਆ ਹੈ।
ਇਸ ਆਲ ਵੈਦਰ ਸਵੀਮਿੰਗ ਪੂਲ ਵਿੱਚ ਬਿਜਲੀ ਦਾ ਕੁਨੈਕਸ਼ਨ ਮਿਲਣ ਤੋਂ ਬਾਅਦ ਹੀ ਉਸ ਦੇ ਪਾਣੀ ਨੂੰ ਸਾਫ਼ ਕਰਨ ਲਈ ਇੱਕ ਫਿਲਟਰੇਸ਼ਨ ਪਲਾਂਟ ਲਗਾਇਆ ਜਾਵੇਗਾ, ਜਦਕਿ ਹਰ ਮੌਸਮ ਵਿੱਚ ਪਾਣੀ ਦਾ ਸੰਤੁਲਿਤ ਤਾਪਮਾਨ ਬਣਾਈ ਰੱਖਣ ਲਈ ਆਧੁਨਿਕ ਮਸ਼ੀਨਾਂ ਅਤੇ ਪਲਾਂਟ ਲਗਾਏ ਗਏ ਹਨ। ਇਸ ਤਕਨਾਲੋਜੀ ਦੇ ਨਾਲ ਪੂਰਾ ਸਾਲ ਇੱਥੇ ਸਵੀਮਿੰਗ ਕੀਤੀ ਜਾ ਸਕੇਗੀ।
ਦੂਜੇ ਪਾਸੇ ਇਸ ਆਲ-ਵੈਦਰ ਸਵੀਮਿੰਗ ਪੂਲ ਨੂੰ ਆਊਟ-ਸੋਰਸ ਸਿਸਟਮ ਰਾਹੀਂ ਚਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਨਿਗਮ ਇਸ ਤੋਂ ਆਮਦਨੀ ਹੋ ਸਕੇ ਅਤੇ ਇਸ ਦੀ ਦੇਖਭਾਲ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਇਸ ਸਮੇਂ ਸਵੀਮਿੰਗ ਪੂਲ ਦੇ ਬਾਹਰ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ। ਪੂਲ ਦੀ ਲੰਬਾਈ 25 ਮੀਟਰ ਅਤੇ ਚੌੜਾਈ 12.5 ਮੀਟਰ ਹੈ, ਜੋ ਓਲੰਪਿਕ ਖੇਡਾਂ ਦੇ ਨਿਯਮਾਂ ਅਨੁਸਾਰ ਹੈ। ਇਸ 5-ਲੇਨ ਵਾਲੇ ਪੂਲ ਦੀ ਡੂੰਘਾਈ 4.5 ਫੁੱਟ ਤੋਂ 6 ਫੁੱਟ ਤੱਕ ਹੈ।
ਟੈਂਡਰ ਰਾਹੀਂ ਠੇਕੇ ’ਤੇ ਦਿੱਤਾ ਜਾਵੇਗਾ ਪੂਲ
ਇਸ ਆਲ ਵੈਦਰ ਸਵੀਮਿੰਗ ਪੂਲ ਨੂੰ ਆਊਟ ਸੋਰਸ ’ਤੇ ਚਲਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਹੈ ਜਿਸ ਲਈ ਟੈਂਡਰ ਪ੍ਰਕਿਰਿਆ 10 ਦਿਨਾਂ ਦੇ ਅੰਦਰ ਸ਼ੁਰੂ ਕੀਤੀ ਜਾਵੇਗੀ। ਸ਼ਰਤਾਂ ਦੀ ਗੱਲ ਕਰੀਏ ਤਾਂ ਇਸ ਪ੍ਰਕਿਰਿਆ ਵਿੱਚ 61 ਤਰ੍ਹਾਂ ਦੀਆਂ ਸ਼ਰਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੌਰਾਨ ਸੁਰੱਖਿਆ ਵਜੋਂ 10 ਲੱਖ ਰੁਪਏ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਸਵੀਮਿੰਗ ਪੂਲ ਵਿੱਚ ਆਉਣ ਵਾਲਿਆਂ ਤੋਂ ਵੀ ਫੀਸ ਲਿੱਤੀ ਜਾਏਗੀ। ਜਿਸ ਵਿੱਚ ਖਿਡਾਰੀਆਂ, ਤੇ ਬਾਹਰੀ ਲੋਕਾਂ ਲਈ ਅਲਗ ਅਲਗ ਫੀਸ ਰੱਖੀ ਗਈ ਹੈ। ਸਮਾਰਟ ਸਿਟੀ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਸਵੀਮਿੰਗ ਪੂਲ ਨੂੰ ਆਊਟਸੋਰਸ ਕਰਨ ਦੀਆਂ ਤਿਆਰੀਆਂ ਹਨ। ਮੀਟਰ ਲਗਾਉਣ ਦਾ ਕੰਮ ਪੈਡਿੰਗ ਹੈ, ਜਿਸ ਦਾ ਟੈਂਡਰ ਅਗਲੇ ਹਫ਼ਤੇ ਲਗਾਇਆ ਜਾਵੇਗਾ।
ਨਵੇਂ ਬਾਸਕਿਟਬਾਲ ਗਰਾਊਂਡ ਵਿੱਚ 2 ਸਤੰਬਰ ਨੂੰ ਹੋਵੇਗਾ ਪਹਿਲਾ ਮੈਚ
ਗੁਰੂ ਨਾਨਕ ਸਟੇਡੀਅਮ ਵਿੱਚ ਬਾਸਕਿਟਬਾਲ ਗਰਾਊਂਡ 14 ਕਰੋੜ ਦੀ ਲਾਗਤ ਨਾਲ ਤਿਆਰ ਹੈ ਜੋ ਇਸ ਵੇਲੇ ਅੰਤਿਮ ਛੋਹਾਂ ’ਤੇ ਹੈ। 75ਵੀਂ ਜੂਨੀਅਰ ਨੈਸ਼ਨਲ ਬਾਸਕੇਟਬਾਲ ਚੈਂਪੀਅਨਸ਼ਿਪ 2 ਸਤੰਬਰ ਤੋਂ ਲੁਧਿਆਣਾ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਚੈਂਪਿਅਨਸ਼ਿਪ ਮੌਕੇ ਨਵੇਂ ਗਰਾਊਂਡ ਦਾ ਉਦਘਾਟਨ ਹੋਵੇਗਾ। ਇੱਥੇ ਮੈਪਲ ਕੈਨੇਡੀਅਨ ਫਲੋਰਿੰਗ ਲਗਾਈ ਗਈ ਹੈ ਜਿਸ ਦੀ ਕੀਮਤ 45 ਤੋਂ 50 ਲੱਖ ਹੈ। ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣੇ ਬਾਸਕਿਟਬਾਲ ਗਰਾਊਂਡ ਦਾ ਕੰਮ ਅੰਤਿਮ ਛੋਹਾਂ ’ਤੇ ਪਹੁੰਚ ਗਿਆ ਹੈ।