ਨਨਕਾਣਾ ਸਾਹਿਬ ਸਕੂਲ ’ਚ ਤੀਆਂ ਦੀ ਰੌਣਕ
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਨੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਵਾਲਾ ਤੀਆਂ ਦਾ ਤਿਉਹਾਰ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਇਸ ਦਿਨ ਸਕੂਲ ਦੀਆਂ ਵਿਦਿਆਰਥਣਾਂ ਰਵਾਇਤੀ ਪਹਿਰਾਵੇ ਵਿੱਚ ਸਜ-ਧਜ ਕੇ ਆਈਆਂ। ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਿਦਿਆਰਥਣਾਂ ਵਿੱਚ ਮਹਿੰਦੀ ਲਗਾਉਣ, ਮੀਢੀਆਂ ਗੁੰਦਣ ਤੇ ਕਢਾਈ ਕਰਨ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਦੁਆਰਾ ਪੇਸ਼ ਕੀਤੇ ਗਏ ਪੁਰਾਤਨ ਲੋਕ ਗੀਤਾਂ ਨੇ ਖੂਬ ਰੰਗ ਬੰਨਿਆ। ਵਿਦਿਆਰਥਣਾਂ ਨੇ ਚਰਖਾ ਕੱਤਣਾ, ਫੁਲਕਾਰੀ ਕੱਢਣਾ, ਪੂਣੀ ਵੱਟਣਾ, ਪੀਹਣ ਕਰਨਾ ਬੋਲੀਆਂ ਤੇ ਗਿੱਧੇ ਦੀ ਪੇਸ਼ਕਾਰੀ ਕੀਤੀ। ਤ੍ਰਿੰਞਣ ਵਿੱਚ ਸ਼ਾਨਦਾਰ ਪੇਸ਼ਕਾਰੀ ਦੇ ਅਧਾਰ ’ਤੇ ਐਸ਼ਵੀਰ ਕੌਰ ਨੂੰ ਮਿਸ ਤੀਜ, ਅਮਨਦੀਪ ਕੌਰ ਨੂੰ ਗਿੱਧਿਆਂ ਦੀ ਰਾਣੀ ਅਤੇ ਕਿਰਨਜੋਤ ਕੌਰ ਨੂੰ ਵਧੀਆਂ ਪੁਸ਼ਾਕ ਦਾ ਖਿਤਾਬ ਦਿੱਤਾ ਗਿਆ। ਇਸ ਵਿਸ਼ੇਸ਼ ਮੌਕੇ ਮੁੱਖ ਮਹਿਮਾਨ ਵਜੋਂ ਬੀਬੀ ਹਰਜਿੰਦਰ ਕੌਰ ਪਵਾਤ (ਮੈਂਬਰ ਐੱਸਜੀਪੀਸੀ) ਸਕੂਲ ਦੀ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਪਰਵਿੰਦਰ ਸਿੰਘ ਬੱਲੀ, ਸੁਰਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਫੁਲਕਾਰੀਆਂ ਅਤੇ ਹੋਰ ਸੱਭਿਆਚਾਰਕ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਮੂਹ ਵਿਦਿਆਰਥਣਾਂ ਅਤੇ ਸਟਾਫ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਮਾਲਇੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਤਿਉਹਾਰ ਅਮੀਰ ਵਿਰਸੇ ਦੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ।
ਕੈਪਸ਼ਨ-ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ।