ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹੰਤ ਲਛਮਣ ਦਾਸ ਸਕੂਲ ਵਿੱਚ ਤੀਆਂ ਮੌਕੇ ਸਮਾਗਮ

ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ
ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋ ਕੇ ਆਈਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ। -ਫੋਟੋ: ਸ਼ੇਤਰਾ
Advertisement

ਨੇੜਲੇ ਮਹੰਤ ਲਛਮਣ ਦਾਸ (ਐਮਐਲਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਨੇ ਤੀਆਂ ਤੀਜ ਦੀਆਂ ਮਨਾ ਕੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਨਾਲ ਜੋੜਿਆ। ਸਾਰੀਆਂ ਵਿਦਿਆਰਥਣਾਂ ਤਿਉਹਾਰ ਮਨਾਉਣ ਲਈ ਪੰਜਾਬੀ ਪਹਿਰਾਵੇ ਵਿੱਚ ਸੱਜ-ਧੱਜ ਕੇ ਆਈਆਂ। ਜ਼ਿਆਦਾਤਰ ਵਿਦਿਆਰਥਣਾਂ ਪੁਰਾਤਨ ਪੰਜਾਬੀ ਪਹਿਰਾਵਾ ਜਿਵੇਂ ਘੱਗਰਾ, ਕੁੜਤਾ, ਫੁਲਕਾਰੀ, ਪਰਾਂਦਾ, ਸੱਗੀ-ਫੁੱਲ, ਟਿੱਕਾ, ਕਾਂਟੇ ਆਦਿ ਬੜੇ ਚਾਅ ਨਾਲ ਪਾ ਕੇ 'ਤੀਆਂ ਤੀਜ ਦੀਆਂ' ਮਨਾਉਣ ਲਈ ਪਹੁੰਚੀਆਂ। ਮੈਡਮ ਜਸਮਿੰਦਰ ਕੌਰ ਅਤੇ ਮੈਡਮ ਰਮਨਦੀਪ ਕੌਰ ਨੇ ਆਈਆਂ ਵਿਦਿਆਰਥਣਾਂ ਨੂੰ ਪੰਜਾਬੀਆਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਇਆ।

Advertisement

ਇਸ ਮੌਕੇ ਵਿਦਿਆਰਥਣਾਂ ਤੋਂ ਪੰਜਾਬੀ ਵਿਰਾਸਤੀ ਪ੍ਰਸ਼ਨ ਜਿਵੇਂ ਅਟੇਰਨਾਂ, ਗਲੋਟਾ, ਛਿੱਕੂ, ਦੰਦਾਸਾ, ਚੰਗੇਰ, ਦੰਤ-ਕਥਾ, ਛੂਛਕ ਆਦਿ ਦੇ ਅਰਥ ਪੁੱਛੇ ਗਏ ਅਤੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤੀਆਂ ਦਾ ਤਿਉਹਾਰ ਲੜਕੀਆਂ ਅਤੇ ਔਰਤਾਂ ਦੇ ਮਨ ਦੇ ਵਲਵਲਿਆਂ ਦਾ ਗੀਤਾਂ ਰਾਹੀਂ ਪ੍ਰਗਟਾਅ ਅਤੇ ਚਾਅ ਹੈ ਅਤੇ ਰੂਹ ਦੀ ਖੁਰਾਕ ਹੈ। ਇਸ ਮੌਕੇ ਸਾਰੀਆਂ ਵਿਦਿਆਰਥਣਾਂ ਆਪਣੇ-ਆਪਣੇ ਘਰਾਂ ਤੋਂ ਵਿਰਾਸਤੀ ਪਕਵਾਨ ਜਿਵੇਂ ਖੀਰ, ਮਾਲ-ਪੂੜੇ, ਗੁਲਗਲੇ, ਮਿੱਠੇ ਚੌਲ ਆਦਿ ਲੈ ਕੇ ਆਈਆਂ ਅਤੇ ਆਪਣੀਆਂ ਕਲਾਸ ਦੀਆਂ ਸਾਥਣਾਂ ਨਾਲ ਮਿਲ ਬੈਠ ਕੇ ਖਾਣ ਦਾ ਆਨੰਦ ਲਿਆ। ਸਾਰੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਗਿੱਧੇ ਦਾ ਖੂਬ ਆਨੰਦ ਲਿਆ ਅਤੇ ਪੀਘਾਂ ਝੂਟੀਆਂ। ਪ੍ਰਿੰਸੀਪਲ ਬਲਦੇਵ ਬਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਅਣਮੁੱਲੀ ਵਿਰਾਸਤ ਸਾਡੀਆਂ ਜੜ੍ਹਾਂ ਹਨ। ਇਸ ਮੌਕੇ ਸਟੇਜ ਦਾ ਸੰਚਾਲਨ ਮੈਡਮ ਹਰਮਨਦੀਪ ਕੌਰ ਅਤੇ ਮੈਡਮ ਜਸਪ੍ਰੀਤ ਕੌਰ ਨੇ ਕੀਤਾ। ਇਸ ਸਮੇਂ ਮੈਡਮ ਸੁਖਦੀਪ ਕੌਰ, ਅੰਮ੍ਰਿਤਪਾਲ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Advertisement