ਗੁਰੂ ਹਰਗੋਬਿੰਦ ਖ਼ਾਲਸਾ ਵਿੱਦਿਅਕ ਸੰਸਥਾਵਾਂ ’ਚ ਤੀਆਂ ਮਨਾਈਆਂ
ਇੱਥੇ ਗੁਰੂ ਹਰਿਗੋਬਿੰਦ ਖ਼ਾਲਸਾ ਡਿੱਗਰੀ ਅਤੇ ਫਾਰਮੇਸੀ ਕਾਲਜ ਦੇ ਸਾਂਝੇ ਵਿਹੜੇ ਵਿੱਚ ਸਾਵਣ ਦੇ ਮਹੀਨੇ ਨਾਲ ਸਬੰਧਿਤ ਤੀਜ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਰੰਗ-ਬਰੰਗੀਆਂ ਪੀਂਘਾਂ ਦੇ ਹੁਲਾਰੇ ਲਏ ਅਤੇ ਮਹਿੰਦੀ, ਰੰਗੋਲੀ, ਪੱਖੀ, ਪੀੜ੍ਹੀ, ਨਾਲੇ, ਖਿੱਦੋ, ਇੰਨੂੰ, ਪਰਾਂਦਾ, ਮਿੱਟੀ ਦੇ ਖਿਡੌਣੇ, ਟੋਕਰੀ, ਰੱਸਾ, ਛਿੱਕੂ ਆਦਿ ਬਣਾਉਣ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਨਿਹੰਗ ਸ਼ਮਸ਼ੇਰ ਸਿੰਘ ਆਡੀਟੋਰੀਅਮ ਵਿੱਚ ‘ਤੀਆਂ ਦੀ ਰਾਣੀ’ ਅਤੇ ਵਿਅਕਤੀਗਤ ਗਾਇਨ ਅਤੇ ਸਮੂਹ ਗਾਇਨ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਸਮਾਗਮ ਦੌਰਾਨ ਪਰੰਪਰਾਗਤ ਲੋਕ-ਨਾਚ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ।
ਪ੍ਰੋਗਰਾਮ ਦੀ ਕੁਆਰਡੀਨੇਟਰ ਡਾ. ਜਸਪ੍ਰੀਤ ਕੌਰ ਗੁਲਾਟੀ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਇਨ੍ਹਾਂ ਮੁਕਾਬਲਿਆਂ ਦੇ ਨਿਰਨਾਇਕ ਮੰਡਲ ਵਿੱਚ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਲੁਧਿਆਣਾ ਦੇ ਪੰਜਾਬੀ ਵਿਭਾਗ ਦੀ ਸੇਵਾਮੁਕਤ ਪ੍ਰੋਫੈਸਰ ਪ੍ਰਭਜੋਤ ਕੌਰ ਅਤੇ ਹਿੰਦੀ ਵਿਭਾਗ ਦੀ ਸੇਵਾਮੁਕਤ ਪ੍ਰੋਫੈਸਰ ਜਸਵਿੰਦਰ ਕੌਰ ਸ਼ਾਮਲ ਸਨ। ਹੈਰੀਨਾ ਗਿੱਲ ਅਤੇ ਹਰਦੀਪ ਕੌਰ ਗਿੱਲ ਨੇ ਸਮਾਗਮ ਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਮੁੱਖ ਮਹਿਮਾਨਾਂ ਸਮੇਤ ਕਾਲਜ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ, ਫਾਰਮੇਸੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਸਤਵਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਖੀਰ-ਪੂੜਿਆਂ ਦਾ ਸਟਾਲ ਵੀ ਲਾਇਆ ਗਿਆ।