ਏਐੱਸ ਕਾਲਜ ਵਿੱਚ ਤੀਆਂ ਮਨਾਈਆਂ
ਅੱਜ ਇਥੋਂ ਦੇ ਏ.ਐਸ ਕਾਲਜ ਫਾਰ ਵਿਮੈਨ ਵਿਖੇ ਪ੍ਰਿੰਸੀਪਲ ਰਣਜੀਤ ਕੌਰ ਦੀ ਅਗਵਾਈ ਹੇਠਾਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਵਿਤਾ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਧਾਨ ਸੰਜੀਵ ਧਮੀਜਾ ਅਤੇ ਨੀਟਾ ਧਮੀਜਾ ਨੂੰ ਸਨਮਾਨਿਤ ਕਰਦਿਆਂ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆ ਦੱਸਿਆ ਕਿ ਇਹ ਤਿਉਹਾਰ ਪੁਰਾਤਨ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ। ਸਾਊਣ ਮਹੀਨੇ ਵਿਚ ਕੁਆਰੀਆਂ ਅਤੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਵਿਚ ਇੱਕਠੀਆਂ ਹੋ ਕੇ ਗਿੱਧਾ ਪਾਉਂਦੀਆ ਅਤੇ ਆਪਣੇ ਪਰਿਵਾਰਾਂ ਦੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ।
ਇਸ ਮੌਕੇ ਵਿਦਿਆਰਥਣਾਂ ਨੇ ਪੁਰਾਤਨ ਪੰਜਾਬੀ ਪਹਿਰਾਵੇ ਵਿਚ ਅਜੌਕੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਕ ਗੀਤ, ਲੋਕ ਨਾਚ, ਸੁਹਾਗ, ਘੋੜੀਆਂ, ਗਿੱਧਾ, ਬੋਲੀਆਂ ਤੋਂ ਇਲਾਵਾ ਪੀਘਾਂ ਝੂਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਜਸ਼ਨਦੀਪ ਕੌਰ-ਮਿਸ ਤੀਜ, ਰਿਤੀਕਾ-ਫਸਟ ਰਨਰਅੱਪ, ਲਵਪ੍ਰੀਤ ਕੌਰ-ਦੂਜੀ ਰਨਰਅੱਪ, ਹਰਸ਼ਪ੍ਰੀਤ ਕੌਰ-ਮਿਸ ਬਿਊਟੀਫੁੱਲ ਡ੍ਰੈਸ, ਵਿਸ਼ਾਲੀ-ਮਿਸ ਕੈਟ ਵਾਕ, ਪ੍ਰੇਰਨਾ-ਕਾਨਫੀਡੈਂਸ ਇਨਾਮ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜੱਜਾਂ ਦੀ ਭੂਮਿਕਾ ਸੁਚੇਤਾ ਥੰਮਣ, ਨੇਹਾ ਮਿੱਤਲ, ਸੁਨਾਲੀ ਸ਼ਰਮਾ ਨੇ ਨਿਭਾਈ। ਸ੍ਰੀਮਤੀ ਧਮੀਜਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਕੁੜੀਆਂ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਅਤੇ ਮਿਹਨਤ ਨਾਲ ਸਮਾਜ ਦੇ ਹਰ ਖੇਤਰ ਵਿਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ.ਗੋਲਡੀ ਗਰਗ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ। ਇਸ ਮੌਕੇ ਇੰਦੂ ਥੰਮਣ, ਸੁਚੇਤਾ ਥੰਮਣ, ਕਨਿਕਾ ਮਿੱਤਲ, ਨੇਹਾ ਮਿੱਤਲ, ਮੀਨਾ ਸ਼ਰਮਾ, ਸੁਨਾਲੀ ਸ਼ਰਮਾ, ਹਰਿੰਦਰ ਕੌਰ, ਡਾ.ਮੋਨਿਕਾ, ਡਾ.ਅਮਰਦੀਪ, ਰਵਿੰਦਰ ਕੁਮਾਰ, ਰਾਜੇਸ਼ ਡਾਲੀ, ਜਤਿੰਦਰ ਦੇਵਗਨ ਤੇ ਹੋਰ ਹਾਜ਼ਰ ਸਨ।