ਅਧਿਆਪਕਾਂ ਦੀਆਂ ਚੋਣ ਡਿਊਟੀਆਂ ਦੂਰ ਦੁਰਾਡੇ ਲਾਉਣ ਦੀ ਨਿਖੇਧੀ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਅਧਿਆਪਕਾਂ ਦੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਦੂਰ ਦੁਰਾਡੇ ਡਿਊਟੀਆਂ ਲਾਉਣ ਦੀ ਨਿਖੇਧੀ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਕਾਲੀਆ, ਜਨਰਲ ਸਕੱਤਰ ਪਰਵੀਨ ਕੁਮਾਰ ਲੁਧਿਆਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਮਨੀਸ਼ ਸ਼ਰਮਾ, ਸੰਜੀਵ ਸ਼ਰਮਾ, ਟਹਿਲ ਸਿੰਘ ਸਰਾਭਾ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਅਧਿਆਪਕਾਂ ਦੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਡਿਊਟੀਆਂ ਦੂਰ ਦੁਰਾਡੇ ਲਾਉਣ ਦੀ ਨਿਖੇਧੀ ਕਰਦੀ ਹੈ। ਆਗੂਆਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਸਿੱਖਿਆ ਬਲਾਕਾਂ ਵਿੱਚ ਡਿਊਟੀ ਨਿਭਾਅ ਰਹੇ ਅਧਿਆਪਕਾਂ ਨੂੰ ਉਨ੍ਹਾਂ ਦੇ ਬਲਾਕਾਂ ਵਿੱਚੋਂ ਦੂਸਰੇ ਦੂਰ ਦੁਰਾਡੇ ਤੇ ਬਲਾਕਾਂ ਵਿੱਚ ਚੋਣ ਪ੍ਰਕਿਰਿਆ ਲਈ ਨਿਯੁਕਤ ਕੀਤਾ ਗਿਆ। ਜਿਸ ਨਾਲ ਚੋਣ ਅਮਲੇ ਨੂੰ ਆਉਣ-ਜਾਣ ’ਤੇ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵਿਵਹਾਰਕ ਰੂਪ ਵਿੱਚ ਬਹੁਤ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮਹਿਲਾ ਅਧਿਆਪਕਾਂਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਨ੍ਹਾਂ ਦੀਆਂ ਡਿਊਟੀਆਂ ਵੀ ਦੂਰ ਦੁਰਾਡੇ ਬਲਾਕਾਂ ਵਿੱਚ ਲਗਾ ਦਿੱਤੀਆਂ ਗਈਆਂ ਹਨ। ਚੋਣਾਂ ਵਾਲੇ ਦਿਨ ਚੋਣ ਅਮਲੇ ਨੂੰ ਆਪਣਾ ਸਾਰਾ ਚੋਣ ਸਬੰਧੀ ਸਾਮਾਨ ਜਮ੍ਹਾਂ ਕਰਵਾਉਣ ਸਮੇਂ ਲਗਭਗ ਰਾਤ ਦੇ 10 ਤੋਂ 12 ਵੱਜ ਜਾਂਦੇ ਹਨ। ਬਹੁਤ ਸਾਰੇ ਅਧਿਆਪਕਾਂਵਾਂ ਖਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਰਾਤ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਜਥੇਬੰਦੀ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਇਹ ਡਿਊਟੀਆਂ ਰੱਦ ਕਰਕੇ ਉਨ੍ਹਾਂ ਦੇ ਪਿੱਤਰੀ ਬਲਾਕਾਂ ਵਿੱਚ ਹੀ ਲਗਾਈਆਂ ਜਾਣ। ਇਸ ਮੌਕੇ ਜਗਮੇਲ ਸਿੰਘ ਪੱਖੋਵਾਲ, ਦਰਸ਼ਨ ਸਿੰਘ, ਬਲਵੀਰ ਸਿੰਘ ਕੰਗ ਆਦਿ ਆਗੂ ਹਾਜ਼ਰ ਸਨ।
