ਭੇਤ-ਭਰੀ ਹਾਲਤ ’ਚ ਖੂਨ ਨਾਲ ਲਿੱਬੜੀ ਟੈਕਸੀ ਮਿਲੀ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 23 ਜੂਨ
ਇੱਥੋਂ ਨੇੜਲੇ ਪਿੰਡ ਮੋਹੀ ਨੇੜਿਓਂ ਖੂਨ ਨਾਲ ਲਿੱਬੜੀ ਟੈਕਸੀ ਮਿਲੀ ਹੈ। ਸਵਿੱਫਟ ਡਿਜ਼ਾਇਰ ਕਾਰ ਦਾ ਡਰਾਈਵਰ ਗੁਰਮੀਤ ਸਿੰਘ ਲਾਪਤਾ ਦੱਸਿਆ ਜਾਂਦਾ ਹੈ। ਵੇਰਵਿਆਂ ਮੁਤਾਬਕ ਡਰਾਈਵਰ ਗੁਰਮੀਤ ਸਿੰਘ ਦੀ ਇਹ ਟੈਕਸੀ ਲੁਧਿਆਣਾ ਦੇ ਗਰੈਂਡਵਾਕ ਮਾਲ ਕੋਲੋਂ ਸੋਮਵਾਰ ਸਵੱਖਤੇ ਪੌਣੇ ਤਿੰਨ ਵਜੇ ਦੇ ਕਰੀਬ ਕਿਰਾਏ ’ਤੇ ਕੀਤੀ ਗਈ ਸੀ। ਕਾਰ ਕਿਰਾਏ ’ਤੇ ਲੈਣ ਤੋਂ ਬਾਅਦ ਕੀ ਵਾਪਰਿਆ ਅਤੇ ਡਰਾਈਵਰ ਇਸ ਵਕਤ ਕਿੱਥੇ ਹੈ, ਪੁਲੀਸ ਇਸ ਦੀ ਜਾਂਚ ਕਰ ਰਹੀ ਹੈ। ਇਹ ਕਾਰ ਪਿੰਡ ਮੋਹੀ ਦੇ ਮੁੱਢਲੇ ਸਿਹਤ ਕੇਂਦਰ ਨੇੜਿਓਂ ਮਿਲੀ।
ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਟੈਕਸੀ ਦੋ ਨੌਜਵਾਨਾਂ ਨੇ ਕਿਰਾਏ ’ਤੇ ਲਈ ਸੀ। ਕਾਰ ਦੀਆਂ ਸੀਟਾਂ ’ਤੇ ਖ਼ੂਨ ਦੇਖ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਡਰਾਈਵਰ ’ਤੇ ਹਮਲਾ ਕੀਤਾ ਹੋਵੇਗਾ ਅਤੇ ਮੌਕੇ ਤੋਂ ਫਰਾਰ ਹੋ ਗਏ ਹੋਣਗੇ।
ਸੂਤਰਾਂ ਮੁਤਾਬਕ ਦੋ ਮੋਨੇ ਨੌਜਵਾਨਾਂ ਨੇ ਇਹ ਟੈਕਸੀ ਕਿਰਾਏ ’ਤੇ ਲਈ ਅਤੇ ਮੁੱਲਾਂਪੁਰ ਲਈ ਚੱਲ ਪਏ।
ਰਾਹ ਵਿੱਚ ਡਰਾਈਵਰ ਗੁਰਮੀਤ ਸਿੰਘ ਨੂੰ ਇਨ੍ਹਾਂ ਨੌਜਵਾਨਾਂ ’ਤੇ ਸ਼ੱਕ ਹੋਇਆ, ਜਿਸ ਕਰਕੇ ਉਸ ਨੇ ਟੈਕਸੀ ਡਰਾਈਵਰ ਦੋਸਤ ਨੂੰ ਫੋਨ ’ਤੇ ਖ਼ਤਰੇ ਦੀ ਸੂਚਨਾ ਵੀ ਦਿੱਤੀ। ਇਸ ’ਤੇ ਕੁਝ ਟੈਕਸੀ ਡਰਾਈਵਰ ਵੀ ਮੁੱਲਾਂਪੁਰ ਵੱਲ ਆਏ।
ਟੈਕਸੀ ਡਰਾਈਵਰਾਂ ਨੇ ਦੱਸਿਆ ਕਿ ਮੁੱਲਾਂਪੁਰ-ਰਾਏਕੋਟ ਮਾਰਗ ’ਤੇ ਉਨ੍ਹਾਂ ਨੂੰ ਇੱਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਦਿਖਾਈ ਦਿੱਤੀ ਜਿਸ ਦੀਆਂ ਨੰਬਰ ਪਲੇਟਾਂ ਨਹੀਂ ਸਨ। ਡਰਾਈਵਰਾਂ ਨੇ ਗੁਰਮੀਤ ਸਿੰਘ ਦੀ ਕਾਰ ਪਛਾਣ ਲਈ ਅਤੇ ਪਿੱਛਾ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਟੈਕਸੀ ਕਿਰਾਏ ’ਤੇ ਲੈਣ ਵਾਲੇ ਦੋਵੇਂ ਨੌਜਵਾਨਾਂ ਨੂੰ ਲੱਗਿਆ ਤਾਂ ਉਹ ਮੋਹੀ ਦੇ ਖਾਲੀ ਪਲਾਟ ਵਿੱਚ ਕਾਰ ਖੜ੍ਹੀ ਕਰਕੇ ਨੇੜੇ ਹੀ ਲੁਕ ਗਏ। ਪਿੱਛਾ ਕਰ ਰਹੇ ਡਰਾਈਵਰ ਆਪਣੇ ਸਥਾਨਕ ਦੋਸਤਾਂ ਨਾਲ ਮੌਕੇ ਤੋਂ ਥੋੜ੍ਹਾ ਅੱਗੇ ਨਿਕਲ ਗਏ ਤਾਂ ਲੁਕੇ ਹੋਏ ਦੋਵੇਂ ਨੌਜਵਾਨਾਂ ਕਾਰ ਵੱਲ ਵਧੇ ਪਰ ਉਦੋਂ ਤੱਕ ਹੋਰ ਟੈਕਸੀ ਡਰਾਈਵਰ ਮੌਕੇ ’ਤੇ ਕਾਰ ਨੇੜੇ ਪਹੁੰਚ ਗਏ, ਜਿਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜੋ ਖੇਤਾਂ ਵਿੱਚੋਂ ਭੱਜਣ ਵਿੱਚ ਸਫ਼ਲ ਹੋ ਗਏ।
ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਤੋਂ ਪੁਲੀਸ ਕਪਤਾਨ ਹਰਕੰਵਲ ਕੌਰ ਵੀ ਜਾਂਚ ਲਈ ਮੌਕੇ ’ਤੇ ਪਹੁੰਏ ਹੋਏ ਸਨ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਦੇ ਮਾਹਿਰ ਵੀ ਜਾਂਚ ਕਰ ਰਹੇ ਹਨ ਤਾਂ ਜੋ ਡਰਾਈਵਰ ਗੁਰਮੀਤ ਸਿੰਘ ਅਤੇ ਦੋਵੇਂ ਅਣਪਛਾਤੇ ਨੌਜਵਾਨਾਂ ਦਾ ਪਤਾ ਲਾਇਆ ਜਾ ਸਕੇ।
ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੂਰਪੁਰ ਬੇਦੀ ਪੁਲੀਸ ਨੇ ਮਾਮਲੇ ਸਬੰਧੀ ਮੋਹੀ ਪਿੰਡ ਦੇ ਤਿੰਨ ਨੌਜਵਾਨ ਕਾਬੂ ਕੀਤੇ ਹਨ, ਜਿਨ੍ਹਾਂ ਨੂੰ ਲੈਣ ਲਈ ਪੁਲੀਸ ਟੀਮ ਰਵਾਨਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛ ਪੜਤਾਲ ਮਗਰੋਂ ਹੀ ਸਹੀ ਜਾਣਕਾਰੀ ਮਿਲ ਸਕੇਗੀ।