ਹੜ੍ਹ ਤੋਂ ਪ੍ਰਭਾਵਿਤ ਇਲਾਕੇ ਵਿੱਚ ਤਰਪਾਲਾਂ ਵੰਡੀਆਂ
ਪੰਜਾਬ ਵਿੱਚ ਆਏ ਹੜ੍ਹ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘੇਰ ਦਿੱਤੀ ਹੈ। ਕੱਚੇ-ਪੱਕੇ ਘਰਾਂ ਨੂੰ ਹੋਇਆ ਨੁਕਸਾਨ ਅਤੇ ਮੀਂਹ ਦੇ ਪਾਣੀ ਨੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਹੇਠ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸੰਗੀਨ ਹਾਲਾਤ ’ਚ ਪਾਇਲ ਹਲਕੇ ਵਿੱਚ ਰਾਹਤ ਦੀਆਂ ਗਤੀਵਿਧੀਆਂ ਜ਼ੋਰਾਂ ’ਤੇ ਹਨ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਮਾਰਕੀਟ ਕਮੇਟੀ ਦੋਰਾਹਾ ਦੇ ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋ ਨੇ ਅੱਜ ਇਥੇ ਲੋੜਵੰਦਾਂ ਨੂੰ ਤਰਪਾਲਾਂ ਵੰਡੀਆਂ।
ਸ੍ਰੀ ਗਿਆਸਪੁਰਾ ਨੇ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਨੁਕਸਾਨ ਦੀਆਂ ਰਿਪੋਰਟਾਂ ਜਲਦੀ ਤੋਂ ਜਲਦੀ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ। ਸ੍ਰੀ ਰਾਣੋ ਨੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਪਰਿਵਾਰਾਂ ਤੱਕ ਤਰਪਾਲਾਂ ਪਹੁੰਚ ਚੁੱਕੀਆਂ ਹਨ। ਤਰਪਾਲਾਂ ਦੇ ਨਾਲ ਰਾਹਤ ਸਮੱਗਰੀ ਵੀ ਮੁਹੱਈਆਂ ਕਰਵਾਈ ਜਾ ਰਹੀ ਹੈ। ਗਿਆਸਪੁਰਾ ਤੇ ਸਾਬਕਾ ਚੇਅਰਮੈਨ ਰਾਣੋ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਹ ਸੇਵਾ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਬਰਸਾਤ ਪੀੜਤ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਨਹੀਂ ਹੋ ਜਾਂਦੇ।