ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਹੈਰਾਨ ਕਰਨਗੇ: ਸੰਧੂ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਅੱਜ ਆਪਣੇ ਮੁੱਲਾਂਪੁਰ ਦਫ਼ਤਰ ਵਿੱਚ ਇਕ ਮੀਟਿੰਗ ਦੌਰਾਨ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਐਤਕੀਂ ਹੈਰਾਨ ਕਰਨ ਵਾਲੇ ਹੋਣਗੇ। ਉਨ੍ਹਾਂ ਕਿਹਾ ਕਿ ਅਕਸਰ ਜ਼ਿਮਨੀ ਚੋਣ ਨੂੰ ਸੱਤਾਧਾਰੀ ਧਿਰ ਦੀ ਜਿੱਤ ਵਜੋਂ ਦੇਖਿਆ ਜਾਂਦਾ ਹੈ ਪਰ ਤਰਨ ਤਾਰਨ ਵਿੱਚ ਇਸ ਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਕਮਜ਼ੋਰ ਪੈ ਗਈ ਹੈ। ਇਹ ਬੁਖਲਾਹਟ ਦਾ ਨਤੀਜਾ ਹੈ ਕਿ ਵਿਰੋਧੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਝੂਠੇ ਪਰਚੇ ਦਰਜ ਹੋ ਰਹੇ ਹਨ। ਚਾਰ ਸਾਲ ਦੇ ਕਾਰਜਕਾਲ ਦੌਰਾਨ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਦਾ ਕੜ੍ਹਾਹ ਕਰਕੇ ਸਾਰਦੇ ਰਹੇ ਹਨ ਪਰ ਹੁਣ ਲੋਕ ਨਤੀਜੇ ਭਾਲਦੇ ਹਨ ਜੋ ਵਿਰੋਧੀਆਂ ਨੂੰ ਭੰਡ ਕੇ ਨਹੀਂ ਸਗੋਂ ਕੰਮ ਕਰਕੇ ਮਿਲਣਗੇ। ਇਸੇ ਦੌਰਾਨ ਪਿੰਡ ਕੋਟਉਮਰਾ ਦੇ ਸਰਪੰਚ ਹਰਮੇਸ਼ ਸਿੰਘ ਨੇ ਸਾਥੀਆਂ ਨਾਲ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਕੋਟਉਮਰਾ ਦੀ ਸੀਵਰੇਜ ਸਮੱਸਿਆ ਤੋਂ ਜਾਣੂ ਕਰਾਇਆ ਅਤੇ ਦੱਸਿਆ ਕਿ ਕੰਮ ਲਮਕਿਆ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ ਹਨ। ਇਸ ’ਤੇ ਕੈਪਟਨ ਸੰਧੂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਆਪਣੇ ਕੋਲੋਂ ਮਾਲੀ ਮਦਦ ਕੀਤੀ ਤਾਂ ਜੋ ਇਹ ਸਮੱਸਿਆ ਹੱਲ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਦਾਅਵੇ ਫੋਕੇ ਹਨ ਜਦਕਿ ਅਸਲੀਅਤ ਵਿੱਚ ਵਿਕਾਸ ਦੀ ਨਾ ਕੋਈ ਨਵੀਂ ਇੱਟ ਲੱਗ ਰਹੀ ਹੈ ਨਾ ਕੋਈ ਗਰਾਂਟ ਜਾਰੀ ਹੋ ਰਹੀ ਹੈ। ਆਖ਼ਰੀ ਸਾਲ ਜੇਕਰ ਸਰਕਾਰ ਕੋਸ਼ਿਸ਼ ਕਰੇਗੀ ਵੀ ਤਾਂ ਲੋਕ ਸਭ ਸਮਝਦੇ ਹਨ। ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਸੀਨੀਅਰ ਕਾਂਗਰਸੀ ਆਗੂ ਇੰਦਰਪਾਲ ਸਿੰਘ ਗੋਰਸੀਆਂ ਕਾਦਰ ਬਖ਼ਸ਼, ਯੂਥ ਕਾਂਗਰਸ ਦੇ ਪ੍ਰਧਾਨ ਤਨਵੀਰ ਸਿੰਘ ਜੋਧਾਂ ਵੀ ਹਾਜ਼ਰ ਸਨ।
