ਟੱਲੇਵਾਲੀਆ ਦੀ ਪੁਸਤਕ ‘ਜਿਸ ਤਨ ਲੱਗੀਆਂ’ ਰਿਲੀਜ਼
ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਲੱਬ ਵਿੱਚ ਰਿਟਾਇਰਡ ਇੰਜਨੀਅਰ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਸ ਮੌਕੇ ਗੀਤਕਾਰ ਤੇ ਕਹਾਣੀਕਾਰ ਇੰਜੀਨੀਅਰ ਵਰਿੰਦਰ ਟੱਲੇਵਾਲੀਆ ਵੱਲੋਂ ਲਿਖੀ ਪੁਸਤਕ ‘ਜਿਸ ਤਨ ਲੱਗੀਆਂ’ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿੱਚ ਗੀਤਕਾਰ ਸਭਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਸਰਪ੍ਰਸਤ ਅਮਰੀਕ ਸਿੰਘ ਤਲਵੰਡੀ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਮਾਨ ਚੰਡੀ ਵਾਲੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਲੇਖਕ ਦੀ ਇਹ ਦੂਜੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹ ‘ਉਲਝੇ ਤਾਣੇ ਬਾਣੇ’ ਨਾਂ ਹੇਠ ਕਿਤਾਬ ਪੰਜਾਬ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਸ੍ਰੀ ਦੇਤਵਾਲੀਆ ਨੇ ਕਿਹਾ ਕਿ ਵਰਿੰਦਰ ਟੱਲੇਵਾਲੀਆ ਦੇ ਲਿਖੇ ਤਿੰਨ ਗੀਤ ਵੀ ਰਿਕਾਰਡ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਗੀਤ ਸੂਰਜ ਅਤੇ ਝਾਂਸੀ ਵਾਲੀ ਰਾਣੀ ਆ ਚੁੱਕੇ ਹਨ, ਜਦ ਕਿ ਤੀਸਰਾ ਗੀਤ ‘ਤੀਆਂ’ ਕੁੱਝ ਦਿਨਾਂ ਤੋਂ ਬਾਅਦ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਲੇਖਕ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ’ਚ ਹੋਰ ਚੰਗੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
