ਮੱਤੇਵਾੜਾ ਸ਼ੇਰੂਗੜ੍ਹੀ ਬੰਨ੍ਹ ਨੂੰ ਢਾਹ ਲਾਉਣ ਲੱਗਾ ਸਤਲੁਜ
ਲੁਧਿਆਣਾ ਸ਼ਹਿਰ ਨੇੜੇ ਹਲਕਾ ਸਾਹਨੇਵਾਲ ’ਚ ਪੈਂਦੇ ਪਿੰਡ ਸਸਰਾਲੀ ਵਿੱਚ ਤਾਂ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਹੀ ਰਿਹਾ ਸੀ ਅਤੇ ਹੁਣ ਉਸ ਤੋਂ 3 ਕਿਲੋਮੀਟਰ ਪਹਿਲਾਂ ਪੈਂਦੇ ਪਿੰਡ ਮੱਤੇਵਾੜਾ ਸ਼ੇਰੂਗੜ੍ਹੀ ਵਿੱਚ ਵੀ ਪਾਣੀ ਜ਼ਮੀਨਾਂ ਨੂੰ ਖੋਰਾ ਲਗਾਉਂਦਾ ਹੋਇਆ ਬੰਨ੍ਹ ਵੱਲ ਨੂੰ ਵਧ ਰਿਹਾ ਹੈ। ਅੱਜ ਜਦੋਂ ਲੋਕਾਂ ਨੇ ਦੇਖਿਆ ਕਿ ਸਤਲੁਜ ਦਰਿਆ ਦਾ ਪਾਣੀ ਜ਼ਮੀਨਾਂ ਨੂੰ ਖੋਰਾ ਲਗਾਉਂਦਾ ਦਰੱਖਤਾਂ ਨੂੰ ਸੁੱਟਦਾ ਬੰਨ੍ਹ ਵੱਲ ਨੂੰ ਵਧ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਵਲੋਂ ਦਰੱਖਤ ਕੱਟ ਕੇ ਧੁੱਸੀ ਬੰਨ੍ਹ ਨੂੰ ਜਮੀਨ ਦਾ ਖੋਰਾ ਰੋਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿੰਜਾਈ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਜੋ ਜਾਲ ਬੰਨ੍ਹ ਕੇ ਰਾਹਤ ਕਾਰਜਾਂ ਵਿਚ ਲੱਗ ਗਈਆਂ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੜ੍ਹਾਂ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਇੱਥੇ ਹਮੇਸ਼ਾ ਦਰਿਆ ਦਾ ਵਧਦਾ ਪਾਣੀ ਢਾਹ ਲਗਾਉਂਦਾ ਹੈ ਜਿਸ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਪਰ ਉਸ ਸਮੇਂ ਸਾਡੀ ਕੋਈ ਸੁਣਵਾਈ ਨਾ ਹੋਈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੇ ਲੋਕ ਦਰੱਖਤ ਵੱਢ ਕੇ ਧੁੱਸੀ ਬੰਨ੍ਹ ਨੂੰ ਲੱਗੇ ਖ਼ੋਰੇ ਤੋਂ ਬਚਾਉਣ ਵਿਚ ਲੱਗੇ ਹੋਏ ਅਤੇ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ ਹੈ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਬਚਾਅ ਹੈ ਪਰ ਚਿੰਤਾ ਦੀ ਗੱਲ ਜ਼ਰੂਰ ਹੈ ਕਿ ਜੇਕਰ ਪ੍ਰਸ਼ਾਸਨ ਨੇ ਇੱਥੇ ਪੁਖਤਾ ਪ੍ਰਬੰਧ ਨਾ ਕੀਤੇ ਤਾਂ ਬੰਨ੍ਹ ਨੂੰ ਪਾੜ ਪੈ ਸਕਦਾ ਹੈ।