ਵਿਆਹ ਸਮਾਗਮ ’ਚ ਮਸ਼ਕੂਕਾਂ ਨੇ ਚੱਲਾਈਆਂ ਗੋਲੀਆਂ
ਨੇੜਲੇ ਪਿੰਡ ਗਾਲਿਬ ਕਲਾਂ ਵਿੱਚ ਬੀਤੀ ਦੇਰ ਰਾਤ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਮਾਮਲਾ ਥਾਣਾ ਸੀ.ਆਈ.ਏ ਦੀ ਪੁਲੀਸ ਕੋਲ ਪਹੁੰਚ ਗਿਆ ਹੈ। ਪੁਲੀਸ ਨੇ ਗੋਲੀਆਂ ਚੱਲਣ ਦੀ ਪੁਸ਼ਟੀ ਕਰਦੇ ਹੋਏ ਹਾਲੇ ਜਾਂਚ ਜਾਰੀ ਹੋਣ ਦੀ ਗੱਲ ਆਖੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਾਲਿਬ ਕਲਾਂ ਵਿੱਚ ਬੀਤੀ ਰਾਤ ਕਿਸੇ ਪਰਿਵਾਰ ਦੀ ਵਿਆਹ ਦੀ ਪਾਰਟੀ ਪਿੰਡ ਦੀ ਹੀ ਧਰਮਸ਼ਾਲਾ ਵਿੱਚ ਚੱਲ ਰਹੀ ਸੀ। ਅਚਾਨਕ ਕੁੱਝ ਸ਼ਰਾਰਤੀ ਅਨਸਰਾਂ ਨੇ ਧਰਮਸ਼ਾਲਾ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਕੁੱਝ ਦੇਰ ਬਾਅਦ ਉਨ੍ਹਾਂ ਲੋਕਾਂ ਨੇ ਹੀ ਧਰਮਸ਼ਾਲਾ ਦੇ ਅੰਦਰ ਵੀ ਗੋਲੀਆਂ ਚਲਾਈਆਂ। ਭਰੋਸੇਯੋਗ ਸੂਤਰਾਂ ਅਨੁਸਾਰ ਸ਼ਰਾਰਤੀਆਂ ਵੱਲੋਂ ਕਰੀਬ 15/18 ਫਾਇਰ ਕੀਤੇ ਗਏ। ਇਸ ਬਾਰੇ ਜਦੋਂ ਪਿੰਡ ਵਿੱਚ ਬਣੀ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਤਰਸੇਮ ਸਿੰਘ ਨੂੰ ਖ਼ਬਰ ਲੱਗੀ ਤਾਂ ਉਹ ਖ਼ੁਦ, ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਅਤੇ ਥਾਣਾ ਸੀ.ਆਈ.ਏ ਦੀਆਂ ਟੀਮਾਂ ਘਟਨਾ ਸਥਾਨ ’ਤੇ ਪਹੁੰਚੇ। ਪੁਲੀਸ ਦੇ ਪਹੁੰਚਣ ਮਗਰੋਂ ਗੋਲੀਆਂ ਚਲਾਉਣ ਵਾਲੇ ਫਰਾਰ ਹੋ ਗਏ। ਪੁਲੀਸ ਨੂੰ ਪਤਾ ਲੱਗਾ ਕਿ ਧਰਮਸ਼ਾਲਾ ਦੇ ਬਾਹਰ ਖੜ੍ਹੀਆਂ ਗੱਡੀਆਂ ਮੁਲਜ਼ਮਾਂ ਦੀਆਂ ਹੀ ਹਨ। ਇਸ ਮਗਰੋਂ ਪੁਲੀਸ ਨੇ ਸਾਰੀਆਂ ਗੱਡੀਆਂ ਦਾ ਇੱਕ-ਇੱਕ ਟਾਇਰ ਉਤਾਰ ਲਿਆ। ਡੀ.ਐਸ.ਪੀ ਇੰਦਰਜੀਤ ਸਿੰਘ ਬੋਪਾਰਾਏ, ਡੀ.ਐਸ.ਪੀ ਜਸਯਜੋਤ ਸਿੰਘ, ਸਬ-ਇੰਸਪੈਕਟਰ ਸੁਰਜੀਤ ਸਿੰਘ ਅਤੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਘਟਨਾ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਇਸ ਮਾਮਲੇ ’ਚ ਸ਼ਾਮਲ ਲੋਕਾਂ ਦੇ ਨਾਮ ਕੇਸ ਦਰਜ਼ ਹੋਣ ਮਗਰੋਂ ਹੀ ਨਸ਼ਰ ਕੀਤੇ ਜਾਣਗੇ।