ਐਤਵਾਰ ਨੂੰ ਪਏ ਮੀਂਹ ਨੇ ਲੁਧਿਆਣਾ ਕੀਤਾ ਜਲਥਲ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਕਰੀਬ ਡੇਢ ਕੁ ਘੰਟਾ ਪਏ ਮੀਂਹ ਨੇ ਕਈ ਇਲਾਕਿਆਂ ਵਿੱਚ ਜਲ-ਥਲ ਕਰ ਦਿੱਤਾ। ਇਹ ਮੀਂਹ ਇੰਨਾਂ ਤੇਜ਼ ਸੀ ਕਿ ਕੁੱਝ ਕੁ ਮੀਟਰ ਤੱਕ ਦੇਖਣਾ ਮੁਸ਼ਕਲ ਹੋ ਰਿਹਾ ਸੀ। ਮੀਂਹ ਤੋਂ ਬਚਾਅ ਲਈ ਲੋਕ ਸੁਰਖਿਅਤ ਥਾਵਾਂ ਭਾਲਦੇ ਰਹੇ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਦੂਜੇ ਦਿਨ ਪਏ ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।
ਸ਼ਨਿੱਚਰਵਾਰ ਰੱਖੜੀ ਵਾਲੇ ਦਿਨ ਭਰਵੇਂ ਮੀਂਹ ਤੋਂ ਬਾਅਦ ਅੱਜ ਐਤਵਾਰ ਸਵੇਰੇ ਕਰੀਬ 11 ਕੁ ਵਜੇ ਅਚਾਨਕ ਛਾਈਆਂ ਕਾਲੀਆਂ ਘਟਾਵਾਂ ਨੇ ਭਾਰੀ ਮੀਂਹ ਵਰਸਾਇਆ। ਇੱਕਦਮ ਆਏ ਇਸ ਮੀਂਹ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਵੀ ਪਹੁੰਚਣ ਦਾ ਮੌਕਾ ਨਾ ਦਿੱਤਾ। ਲੋਕ ਮੀਂਹ ਵਿੱਚ ਭਿੱਜੇ ਹੋਏ ਹੀ ਆਪੋ ਆਪਣੀਆਂ ਮੰਜਿਲਾਂ ਵੱਲ ਜਾਂਦੇ ਦਿਖਾਈ ਦਿੱਤੇ।
ਬੀਤੇ ਦਿਨ ਰੱਖੜੀ ਅਤੇ ਅੱਜ ਐਤਵਾਰ ਦੀ ਛੁੱਟੀ ਹੋਣ ਕਰਕੇ ਬਹੁਤੇ ਲੋਕ ਆਪੋ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਤੋਂ ਬਾਅਦ ਅੱਜ ਆਪੋ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸ ਕਰਕੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗੱਡੀਆਂ ਦੀ ਆਵਾਜਾਈ ਵੀ ਵਧੀ ਹੈ। ਇਸ ਮੀਂਹ ਨਾਲ ਜਮਾਲਪੁਰ, ਫੋਕਲ ਪੁਆਇੰਟ, ਸਮਰਾਲਾ ਚੌਕ, ਸੈਕਟਰ-32, ਤਾਜਪੁਰ ਰੋਡ, ਟਿੱਬਾ ਰੋਡ, ਘੰਟਾ ਘਰ ਚੌਂਕ, ਚੌੜਾ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਟ੍ਰਾਂਸਪੋਰਟ ਨਗਰ, ਸ਼ਿਵਾਜੀ ਨਗਰ ਆਦਿ ਵਿੱਚ ਪੈਂਦੀਆਂ ਕਈ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਸਮਰਾਲਾ ਚੌਂਕ ਤੋਂ ਜਲੰਧਰ ਬਾਈਪਾਸ ਵੱਲ ਜਾਂਦੀ ਸੜਕ ’ਤੇ ਵੀ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਰਾਹਗੀਰ ਖੱਜਲ-ਖੁਆਰ ਹੁੰਦੇ ਰਹੇ। ਇਸ ਪਾਣੀ ਕਰਕੇ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਕਈ ਸੜਕਾਂ ’ਤੇ ਪਏ ਟੋਏ ਪਾਣੀ ਨਾਲ ਭਰੇ ਹੋਣ ਕਰਕੇ ਗੱਡੀਆਂ ਕੀੜੀ ਦੀ ਚਾਲ ਚੱਲ ਰਹੀਆਂ ਸਨ। ਸ਼ਹਿਰ ਦੀਆਂ ਬਹੁਤੀਆਂ ਸੜਕਾਂ ’ਤੇ ਵਾਹਨਾਂ ਦਾ ਲੰਬਾ ਜਾਮ ਵੀ ਲੱਗਿਆ ਦੇਖਿਆ ਗਿਆ। ਕਈ ਥਾਵਾਂ ’ਤੇ ਸੀਵਰੇਜ ਦਾ ਪਾਣੀ ਵੀ ਓਵਰਫਲੋ ਹੋਣਾ ਸ਼ੁਰੂ ਹੋ ਗਿਆ ਸੀ। ਦੂਜੇ ਪਾਸੇ ਲਗਾਤਾਰ ਪਏ ਇਸ ਮੀਂਹ ਨਾਲ ਲੁਧਿਆਣਵੀਆਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਅੱਜ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।