ਸ਼ੱਕੀ ਹਾਲਤ ’ਚ ਖ਼ੁਦਕੁਸ਼ੀ
ਇੱਥੇ ਹੈਬੋਵਾਲ ਹਕੀਕਤ ਨਗਰ ਇਲਾਕੇ ਦੇ ਵਸਨੀਕ ਰਾਜ ਕੁਮਾਰ (45) ਨੇ ਬੀਤੀ ਦੇਰ ਰਾਤ ਸ਼ੱਕੀ ਹਾਲਤ ਵਿੱਚ ਆਪਣੇ ਘਰ ਵਿੱਚ ਫਾਹਾ ਲੈ ਲਿਆ। ਉਹ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਸੌਣ ਲਈ ਗਿਆ ਸੀ। ਜਦੋਂ ਉਹ ਸਵੇਰੇ ਹੇਠਾਂ ਨਹੀਂ ਆਇਆ ਤਾਂ ਪਰਿਵਾਰਕ ਮੈਂਬਰ ਉਸਨੂੰ ਜਗਾਉਣ ਲਈ ਗਏ ਪਰ ਅੰਦਰ ਉਸ ਦੀ ਲਾਸ਼ ਲਟਕਦੀ ਹੋਈ ਮਿਲੀ। ਉਨ੍ਹਾਂ ਤੁਰੰਤ ਰੌਲਾ ਪਾਇਆ। ਜਦੋਂ ਤੱਕ ਰਾਜ ਕੁਮਾਰ ਨੂੰ ਹੇਠਾਂ ਉਤਾਰਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲੀਸ ਮੌਕੇ ’ਤੇ ਪਹੁੰਚੀ। ਜਾਂਚ ਤੋਂ ਬਾਅਦ ਪੁਲੀਸ ਨੇ ਰਾਜ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਦੇ ਦਿੱਤੀ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ।
ਜਾਣਕਾਰੀ ਮੁਤਾਬਕ ਰਾਜ ਕੁਮਾਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਉਸਦੇ ਦੋ ਬੱਚੇ ਸਨ। ਦੱਸਿਆ ਜਾ ਰਿਹਾ ਹੈ ਕਿ ਉਸਦਾ ਕੁਝ ਸਮਾਂ ਪਹਿਲਾਂ ਕਿਸੇ ਨਾਲ ਝਗੜਾ ਹੋਇਆ ਸੀ। ਇਸ ਮਾਮਲੇ ਦੀ ਰਿਪੋਰਟ ਪੁਲੀਸ ਨੂੰ ਵੀ ਕੀਤੀ ਗਈ ਸੀ, ਪਰ ਮਾਮਲਾ ਸੁਲਝ ਗਿਆ ਸੀ। ਇਸ ਝਗੜੇ ਤੋਂ ਬਾਅਦ ਰਾਜ ਕੁਮਾਰ ਕਾਫ਼ੀ ਪ੍ਰੇਸ਼ਾਨ ਹੋ ਗਿਆ ਸੀ ਤੇ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਉਹ ਕੁਝ ਦਿਨਾਂ ਤੋਂ ਕੰਮ ’ਤੇ ਵੀ ਨਹੀਂ ਜਾ ਰਿਹਾ ਸੀ। ਬੁੱਧਵਾਰ ਰਾਤ ਨੂੰ ਉਹ ਕੰਮ ਤੋਂ ਘਰ ਵਾਪਸ ਆਇਆ ਅਤੇ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਾ ਰਿਹਾ ਤੇ ਬਾਅਦ ’ਚ ਉੱਪਰਲੇ ਕਮਰੇ ਵਿੱਚ ਜਾ ਕੇ ਸੌਂ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
