ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਛੀਵਾੜਾ ਇਲਾਕੇ ’ਚ ਵੱਡੇ ਪੱਧਰ ’ਤੇ ਵਿਕ ਰਿਹੈ ਘਟੀਆ ਪਨੀਰ

300 ਰੁਪਏ ਦੀ ਲਾਗਤ ਵਾਲਾ ਪਨੀਰ ਵਿਕ ਰਿਹੈ 240 ਵਿੱਚ; ਸਿਹਤ ਵਿਭਾਗ ਖਾਮੋਸ਼
ਮਾਛੀਵਾੜਾ ਵਿੱਚ ਮਿਲਣ ਵਾਲਾ ਮਿਲਾਵਟੀ ਪਨੀਰ।
Advertisement

ਮਾਛੀਵਾੜਾ ਇਲਾਕੇ ਵਿਚ ਘਟੀਆ ਕੁਆਲਿਟੀ ਦਾ ਪਨੀਰ ਧੜੱਲੇ ਨਾਲ ਸਪਲਾਈ ਹੋ ਰਿਹਾ ਹੈ ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਵਿੱਚ ਜ਼ਿਆਦਾਤਰ ਪਨੀਰ ਬਾਹਰਲੇ ਇਲਾਕਿਆਂ ਤੋਂ ਸਪਲਾਈ ਹੁੰਦਾ ਹੈੈ ਤੇ ਰੋਜ਼ਾਨਾ ਤੜਕੇ ਪਨੀਰ ਸਪਲਾਈ ਕਰਨ ਵਾਲੀਆਂ ਗੱਡੀਆਂ ਡੇਅਰੀਆਂ, ਛੋਟੇ ਹਲਵਾਈਆਂ ਅਤੇ ਪਿੰਡਾਂ ਵਿੱਚ ਛੋਟੇ ਦੁਕਾਨਦਾਰਾਂ ਨੂੰ ਇਹ ਸਾਮਾਨ ਸਪਲਾਈ ਕਰਦੀਆਂ ਹਨ।

ਇਸ ਦੌਰਾਨ ਸ਼ੁੱਧ ਪਨੀਰ ਸਪਲਾਈ ਕਰਨ ਵਾਲੇ ਕੁਝ ਡੇਅਰੀ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 1 ਕਿਲੋ ਪਨੀਰ ਤਿਆਰ ਕਰਨ ਲਈ ਘੱਟੋ ਘੱਟ 4.5 ਤੋਂ 5 ਕਿਲੋ ਦੁੱਧ ਲੱਗਦਾ ਹੈ, ਫਿਰ ਇਸ ਨੂੰ ਤਿਆਰ ਕਰਨ ਲਈ ਮਜ਼ਦੂਰੀ ਅਤੇ ਹੋਰ ਸਾਮਾਨ ਦੀ ਵਰਤੋਂ ਹੁੰਦੀ ਹੈ। ਇਸ ਹਿਸਾਬ ਨਾਲ ਪਨੀਰ ਘੱਟੋ ਘੱਟ 300 ਰੁਪਏ ਪ੍ਰਤੀ ਕਿਲੋ ਲਾਗਤ ਨਾਲ ਤਿਆਰ ਹੁੰਦਾ ਹੈ ਅਤੇ ਸ਼ੁੱਧ ਪਨੀਰ ਮਾਰਕੀਟ ਵਿੱਚ 320 ਰੁਪਏ ਕਿੱਲੋ ਵਿਕਣਾ ਚਾਹੀਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਾਛੀਵਾੜਾ ਇਲਾਕੇ ਵਿੱਚ ਕੁਝ ਬਾਹਰੋਂ ਸਪਲਾਈ ਹੋਣ ਵਾਲਾ ਪਨੀਰ ਛੋਟੀਆਂ ਡੇਅਰੀਆਂ ਤੇ ਦੁਕਾਨਦਾਰਾਂ ਨੂੰ 240 ਰੁਪਏ ਪ੍ਰਤੀ ਕਿੱਲੋ ਮੁੱਲ ’ਤੇ ਵੇਚਿਆ ਜਾ ਰਿਹਾ ਹੈ। ਇਸ ਵਿੱਚ ਸਪਲਾਈ ਕਰਨ ਵਾਲਿਆਂ ਦਾ ਪੈਟਰੋਲ ਦਾ ਖਰਚਾ ਵੀ ਸ਼ਾਮਲ ਹੈ। ਇਸ ਲਿਹਾਜ਼ ਨਾਲ ਤਾਂ ਇਹ ਪਨੀਰ 200 ਰੁਪਏ ਪ੍ਰਤੀ ਕਿੱਲੋ ਦੀ ਲਾਗਤ ਨਾਲ ਤਿਆਰ ਹੁੰਦਾ ਹੈ, ਜੋ ਸੰਭਵ ਹੀ ਨਹੀਂ ਹੈ।

Advertisement

ਹੁਣ ਵੱਡਾ ਸਵਾਲ ਇਹ ਬਣਦਾ ਹੈ ਕਿ ਮਾਛੀਵਾੜਾ ਇਲਾਕੇ ਵਿੱਚ ਧੜੱਲੇ ਨਾਲ ਇੰਨੇ ਵੱਡੇ ਪੱਧਰ ’ਤੇ ਇਹ ਪਨੀਰ ਕਿਵੇਂ ਵਿਕ ਰਿਹਾ ਹੈ ਤੇ ਹਾਲੇ ਤੱਕ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਸੁੱਕਾ ਦੁੱਧ, ਰਿਫਾਇੰਡ ਤੇ ਕੈਮੀਕਲਾਂ ਨਾਲ ਬਣ ਰਿਹਾ ਹੈ ਪਨੀਰ

ਇਹ ਨਹੀਂ ਕਿ ਮਾਛੀਵਾੜਾ ਇਲਾਕੇ ਵਿਚ ਸ਼ੁੱਧ ਪਨੀਰ ਨਹੀਂ ਮਿਲਦਾ, 1-2 ਡੇਅਰੀਆਂ ਵਾਲੇ ਜਾਂ ਵੱਡੇ ਹਲਵਾਈ ਆਪਣੀ ਪਦਾਰਥਾਂ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਸ਼ੁੱਧ ਪਨੀਰ ਤਿਆਰ ਕਰਕੇ ਹੀ ਵੇਚਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਿਲਾਵਟੀ ਤੇ ਸਸਤਾ ਪਨੀਰ ਮਿਲਦਾ ਹੈ ਉਸ ਵਿਚ ਵੱਧ ਫੈਟ ਵਾਲਾ ਦੁੱਧ ਵਰਤਣ ਦੀ ਥਾਂ ਘੱਟ ਫੈਟ ਵਾਲਾ ਦੁੱਧ, ਸੁੱਕਾ ਦੁੱਧ, ਰਿਫਾਇੰਡ ਤੇਲ ਤੇ ਹੋਰ ਦੁੱਧ ਤੋਂ ਪਨੀਰ ਨੂੰ ਤਿਆਰ ਕਰਨ ਵਾਲੇ ਘਟੀਆ ਕੈਮੀਕਲ ਵਰਤੇ ਜਾਂਦੇ ਹਨ ਜਿਸ ਕਾਰਨ 300 ਰੁਪਏ ਦੀ ਲਾਗਤ ਵਾਲੇ ਸ਼ੁੱਧ ਪਨੀਰ ਦੀ ਥਾਂ 200 ਰੁਪਏ ਦੀ ਲਾਗਤ ਵਾਲਾ ਮਿਲਾਵਟੀ ਪਨੀਰ ਤਿਆਰ ਹੋ ਰਿਹਾ ਹੈ।

ਪਨੀਰ ਦੀ ਜਾਂਚ ਕਰਵਾਈ ਜਾਵੇਗੀ: ਜ਼ਿਲ੍ਹਾ ਸਿਹਤ ਅਧਿਕਾਰੀ

ਮਿਲਾਵਟੀ ਪਨੀਰ ਦੀ ਸਪਲਾਈ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਨਿਰਦੇਸ਼ ਦੇਣਗੇ ਕਿ ਮਾਛੀਵਾੜਾ ਇਲਾਕੇ ਵਿੱਚ ਪਨੀਰ ਦੀਆਂ ਫੈਕਟਰੀਆਂ ਜਾਂ ਬਾਹਰੋਂ ਕਿਤੋਂ ਵੀ ਸਪਲਾਈ ਹੋ ਰਿਹਾ ਹੈ ਉਨ੍ਹਾਂ ਸਪਲਾਇਰਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਲਾਵਟੀ ਸਮਾਨ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement
Show comments