ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐਤੀਆਣਾ ’ਚ ਸੂਬੇਦਾਰ ਹਰਵਿੰਦਰ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ

ਹਲਕਾ ਵਿਧਾਇਕ ਅਤੇ ਫ਼ੌਜੀ ਅਧਿਕਾਰੀਆਂ ਵੱਲੋਂ ਸ਼ਰਧਾਂਜਲੀ; ਡਿਊਟੀ ਦੌਰਾਨ ਬਿਜਲੀ ਦੀ ਲਪੇਟ ਵਿੱਚ ਆਇਆ ਸੀ ਸ਼ਹੀਦ ਸੂਬੇਦਾਰ
ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦੇ ਸਸਕਾਰ ਮੌਕੇ ਸ਼ਰਧਾਂਜਲੀਆਂ ਦਾ ਦ੍ਰਿਸ਼। -ਫੋਟੋ: ਗਿੱਲ
Advertisement

ਸੰਤੋਖ ਗਿੱਲ

ਗੁਰੂਸਰ ਸੁਧਾਰ, 7 ਮਈ

Advertisement

ਡਿਫੈਂਸ ਸਕਿਓਰਿਟੀ ਕੋਰ ਦੇ ਜਵਾਨ ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦਾ ਉਸ ਦੇ ਜੱਦੀ ਪਿੰਡ ਐਤੀਆਣਾ ਵਿੱਚ ਬਾਅਦ ਦੁਪਹਿਰ ਪੂਰੇ ਫ਼ੌਜੀ ਸਨਮਾਨ ਨਾਲ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਤਿੰਦਰਪਾਲ ਸਿੰਘ ਨੇ ਦਿਖਾਈ। ਬੱਦੋਵਾਲ ਛਾਉਣੀ ਸਥਿਤ 17 ਐੱਫ਼ਏਡੀ ਪਲਟੂਨ ਦੇ ਜਵਾਨਾਂ ਨੇ ਸੂਬੇਦਾਰ ਰਾਜਵੀਰ ਸਿੰਘ ਅਤੇ ਸ਼ਹੀਦ ਹਰਵਿੰਦਰ ਸਿੰਘ ਦੀ ਪਲਾਟੂਨ ਦੇ ਸੂਬੇਦਾਰ ਮੇਜਰ ਅਨਿਲ ਕੁਮਾਰ ਦੀ ਅਗਵਾਈ ਹੇਠ ਆਪਣੇ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ। ਭਾਰਤੀ ਹਵਾਈ ਸੈਨਾ ਹਲਵਾਰਾ ਸਟੇਸ਼ਨ ਦੇ ਜਵਾਨ ਵੀ ਸ਼ਹੀਦ ਨੂੰ ਸਲਾਮੀ ਦੇਣ ਪਹੁੰਚੇ ਹੋਏ ਸਨ। ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵੀ ਸ਼ਹੀਦ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਪਰ ਰੀਤ ਭੇਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਹਵਾਲਦਾਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਲੁਧਿਆਣਾ (ਦਿਹਾਤੀ) ਪੁਲੀਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਵੀ ਸਲਾਮੀ ਦਿੱਤੀ ਗਈ। ਪਰ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲੀਸ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ।

ਡਿਫੈਂਸ ਸਕਿਓਰਿਟੀ ਕੋਰ 230 ਪਲਟੂਨ ਦੇ ਸੂਬੇਦਾਰ ਮੇਜਰ ਅਨਿਲ ਕੁਮਾਰ ਅਤੇ ਨਾਇਕ ਹਰਜਿੰਦਰ ਸਿੰਘ ਆਪਣੇ ਹੋਰ ਜਵਾਨਾਂ ਸਮੇਤ ਰਾਤ ਡੇਢ ਵਜੇ ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਐਤੀਆਣਾ ਵਿੱਚ ਉਨ੍ਹਾਂ ਦੇ ਘਰ ਪਹੁੰਚੇ ਸਨ। ਸੂਬੇਦਾਰ ਮੇਜਰ ਅਨਿਲ ਕੁਮਾਰ ਅਨੁਸਾਰ ਸ੍ਰੀਨਗਰ ਦੀ ਬਦਾਮੀ ਬਾਗ਼ ਛਾਉਣੀ ਦੀ ਪੋਸਟ ਗਾਰਡ ਉਪਰ ਡਿਊਟੀ ਸਮੇਂ ਉੱਚ ਵੋਲਟੇਜ ਬਿਜਲੀ ਲਾਈਨ ਦੀ ਲਪੇਟ ਵਿੱਚ ਆ ਕੇ ਹਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਇੱਕ ਹਫ਼ਤਾ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਮੰਗਲਵਾਰ ਰਾਤ ਉਸ ਨੇ ਦਮ ਤੋੜ ਦਿੱਤਾ ਸੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮ੍ਰਿਤਕ ਜਵਾਨ ਨੂੰ ਸ਼ਹੀਦ ਦਾ ਦਰਜਾ ਦੇਣ ਬਾਰੇ ਉੱਚ-ਅਧਿਕਾਰੀ ਫ਼ੈਸਲਾ ਲੈਣਗੇ। ਮ੍ਰਿਤਕ ਦੇ ਪਿਤਾ ਮੇਜਰ ਸਿੰਘ, ਪਤਨੀ ਬਲਜਿੰਦਰ ਕੌਰ, ਪੁੱਤਰ ਜਤਿੰਦਰਪਾਲ ਸਿੰਘ ਅਤੇ ਦੋਵੇਂ ਧੀਆਂ ਨੂੰ ਫ਼ੌਜ ਦੇ ਅਧਿਕਾਰੀਆਂ ਵੱਲੋਂ ਤਿਰੰਗਾ ਭੇਟ ਕੀਤਾ ਗਿਆ। ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਹੋਰ ਸੰਸਥਾਵਾਂ ਆਗੂਆਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਇਲਾਕਾ ਵਾਸੀ, ਰਿਸ਼ਤੇਦਾਰ ਅਤੇ ਇਲਾਕਾ ਵਾਸੀ ਮੌਜੂਦ ਸਨ। ਜ਼ਿਲ੍ਹਾ ਪੁਲੀਸ ਦੇ ਜਵਾਨਾਂ ਦੀ ਟੁਕੜੀ ਸਲਾਮੀ ਦੇਣ ਲਈ ਕਰੀਬ ਢਾਈ ਘੰਟੇ ਦੇਰੀ ਨਾਲ ਪੁੱਜੀ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਸੀ। ਜ਼ਿਲ੍ਹਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਦਾ ਵੀ ਪਿੰਡ ਵਾਸੀਆਂ ਨੇ ਬੁਰਾ ਮਨਾਇਆ ਅਤੇ ਸੂਬੇਦਾਰ ਹਰਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਪੀੜਤ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ। ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਐੱਸ.ਡੀ.ਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਵੱਲੋਂ ਕੋਈ ਉਤਰ ਨਾ ਮਿਲਿਆ।

Advertisement