ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ‘ਯੁਧ ਨਸ਼ਿਆਂ ਵਿਰੁੱਧ’ ਦੇ ਸਿਰਲੇਖ ਹੇਠ ਕਰਵਾਏ ਪ੍ਰਭਾਵਸ਼ਾਲੀ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੀ ਐਂਟੀ-ਡਰੱਗ ਸੁਸਾਇਟੀ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਇੱਕ ਪਹਿਲਕਦਮੀ, ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ ਦੇ ਵੱਲੋਂ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਹੈਪੀ ਰਾਏਕੋਟੀ, ਸ਼ਾਲੀਨ ਮਿੱਤਰਾ, ਸਰਵਨਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਡਾ. ਅਰਵਿੰਦ ਗੋਇਲ ਸਮੇਤ ਪ੍ਰਸਿੱਧ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵਿੱਚ ਸਮੂਹਿਕ ਜ਼ਿੰਮੇਵਾਰੀ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਆਦਤਾਂ ਅਪਣਾਉਣ, ਜਾਗਰੂਕ ਰਹਿਣ ਅਤੇ ਜ਼ਿੰਮੇਵਾਰੀ ਭਰਿਆ ਜੀਵਨ ਜਿਊਣ ਲਈ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨੂੰ ਕਈ ਸਵਾਲ ਕੀਤੇ ਜਿਨ੍ਹਾਂ ਦੇ ਉਨ੍ਹਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹਪੂਰਨ ਹਿੱਸਾ ਲਿਆ। ਸੈਸ਼ਨ ਨਸ਼ਾ-ਮੁਕਤ, ਸਿਹਤਮੰਦ ਅਤੇ ਪ੍ਰਗਤੀਸ਼ੀਲ ਪੰਜਾਬ ਵੱਲ ਕੰਮ ਕਰਨ ਦੇ ਸਮੂਹਿਕ ਵਾਅਦੇ ਨਾਲ ਸਮਾਪਤ ਹੋਇਆ।
