ਥਾਣੇ ਦਾ ਕੰਮਕਾਰ ਦੇਖਣ ਪੁੱਜੇ ਸਨਮਤੀ ਸਕੂਲ ਦੇ ਵਿਦਿਆਰਥੀ
ਥਾਣਿਆਂ ਵਿੱਚ ਪੁਲੀਸ ਦੇ ਕੰਮਕਾਜ ਨੂੰ ਦੇਖਣ ਲਈ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀ ਅੱਜ ਥਾਣਾ ਸਿਟੀ ਜਗਰਾਉਂ ਪੁੱਜੇ। ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੁਲੀਸ ਸਟੇਸ਼ਨ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਕਾਨੂੰਨੀ ਪ੍ਰਕਿਰਿਆ ਬਾਰੇ ਵੀ ਜਾਣਿਆ ਅਤੇ ਹਵਾਲਾਤ ਵੀ ਦੇਖੀ ਜਿਸ ਵਿੱਚ ਪੁਲੀਸ ਵਲੋਂ ਮੁਲਜ਼ਮਾਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਸਾਈਬਰ ਕ੍ਰਾਈਮ ਅਤੇ ਪੁਲੀਸ ਸਟੇਸ਼ਨ ਦੇ ਹੋਰ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ। ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਅਤੇ ਥਾਣਾ ਮੁਖੀ ਪਰਮਿੰਦਰ ਸਿੰਘ ਇਸ ਸਮੇਂ ਥਾਣੇ ਵਿੱਚ ਮੌਜੂਦ ਸਨ। ਲੁਧਿਆਣਾ ਦਿਹਾਤੀ ਪੁਲੀਸ ਜ਼ਿਲ੍ਹੇ ਦੇ ਸਾਈਬਰ ਸੈੱਲ ਦੇ ਕਰਮਚਾਰੀ ਰਾਮ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਧੋਖਾਧੜੀ ਕਰਨ ਵਾਲੇ ਗੁੰਮਰਾਹ ਕਰਦੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ। ਇਸ ਲਈ ਆਪਣਾ ਆਧਾਰ ਕਾਰਡ ਨੰਬਰ ਜਾਂ ਹੋਰ ਦਸਤਾਵੇਜ਼ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਲਾਟਰੀ ਜਿੱਤਣ ਲਈ, ਤੁਹਾਨੂੰ ਜਾਣਨ ਦਾ ਦਿਖਾਵਾ ਕਰਦੇ ਹਨ ਜਾਂ ਫੇਰ ਕਿਸੇ ਹੋਰ ਢੰਗ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾਉਂਦੇ ਹਨ। ਡੀਐਸਪੀ ਢੀਂਡਸਾ ਨੇ ਵਿਦਿਆਰਥੀਆਂ ਦੇ ਨਾਲ ਪੁਲੀਸ ਸਟੇਸ਼ਨ ਵਿੱਚ ਬੂਟੇ ਵੀ ਲਗਾਏ। ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੁਲੀਸ ਸਟੇਸ਼ਨ ਦਾ ਦੌਰਾ ਕਰਵਾਇਆ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਦੱਸਿਆ। ਵਿਦਿਆਰਥੀਆਂ ਨਾਲ ਅਧਿਆਪਕ ਸਰਬਜੀਤ ਸਿੰਘ ਧਾਲੀਵਾਲ, ਵਿਨੋਦ ਕੁਮਾਰ, ਜਸਵੰਤ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸੀ।
 
 
             
            