ਮਾਨ ਟਰੱਸਟ ਵੱਲੋਂ ਲਲਹੇੜੀ ਸਕੂਲ ਦੇ ਵਿਦਿਆਰਥੀ ਸਨਮਾਨਿਤ
ਖੰਨਾ, 27 ਮਈ
ਗਿਆਨ ਸਿੰਘ ਮਾਨ ਮੈਮੋਰੀਅਲ ਸਕਾਲਰਸ਼ਿਪ ਟਰੱਸਟ ਵੱਲੋਂ ਗਿਆਨ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ, ਪੱਤਰੀ ਡਾ. ਕੁਲਦੀਪ ਕੌਰ ਅਤੇ ਪੁੱਤਰ ਹਰਦੀਪ ਸਿੰਘ ਮਾਨ ਵੱਲੋਂ ਨੇੜਲੇ ਪਿੰਡ ਲਲਹੇੜੀ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੈਸ਼ਨ 2024-25 ਦੌਰਾਨ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਵਿੱਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣ ਰੀਆ ਵਿਸ਼ਵਕਰਮਾ, ਸੋਨੀਆ, ਨਵਦੀਪ ਸ਼ੇਰਗਿੱਲ, ਨਾਨਕਦੀਪ ਸਿੰਘ, ਸ਼ੋਭਾ ਕਾਰਕੀ, ਅਰਚਨਾ, ਖੁਸ਼ਪ੍ਰੀਤ ਕੌਰ ਅਤੇ ਹਰਮਨ ਸਿੰਘ ਨੂੰ 10 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਸਨਮਾਨ ਭੱਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੇ ਸਾਇੰਸ ਵਿਸ਼ੇ ਨਾਲ ਸਬੰਧਤ ਐਕਟੀਵਿਟੀ ਲਈ 20 ਹਜ਼ਾਰ ਰੁਪਏ ਭੇਟ ਕੀਤੇ। ਪ੍ਰਿੰਸੀਪਲ ਬਲਜੀਤ ਸਿੰਘ ਨੇ ਮਾਨ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਇਹ ਰਾਸ਼ੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਦਿੱਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਉਤਸ਼ਾਹ ਬਣਿਆ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਦਿਆਂ ਮੈਰਿਟ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਅਤੇ ਨੈਸ਼ਨਲ ਅਵਾਰਡੀ ਡਾ.ਬਲਰਾਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਲਖਬੀਰ ਸਿੰਘ, ਡਾ. ਨਾਜਰ ਸਿੰਘ, ਬਚਿੱਤਰ ਸਿੰਘ, ਜਸਕਰਨ ਚਹਿਲ ਤੇ ਦਰਸ਼ਵੀਰ ਮਾਨ ਆਦਿ ਹਾਜ਼ਰ ਸਨ।