ਵਿਦਿਆਰਥੀਆਂ ਨੇ ਕੂੜਾ ਪ੍ਰਬੰਧਨ ਬਾਰੇ ਜਾਣਕਾਰੀ ਲਈ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 3 ਜੁਲਾਈ
ਇੱਥੋਂ ਦੀਆਂ ਸੰਵਿਧਾਨਕ, ਵਿਦਿਅਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਦੂਰ ਰਹਿਣ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਇੱਕ ਮਾਡਲ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਅਹਿਦ ਕੀਤਾ।
‘ਸਫਾਈ ਅਪਣਾਓ ਬਿਮਾਰੀਆਂ ਭਜਾਓ’ ਦੇ ਬੈਨਰ ਹੇਠ ਸ਼ੁਰੂ ਕੀਤੀ ਸਫਾਈ ਮੁਹਿੰਮ ਦੇ ਹਿੱਸੇ ਕਰਵਾਏ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਅਤੇ ਕਾਰਜਕਾਰੀ ਅਧਿਕਾਰੀ ਵਿਕਾਸ ਉੱਪਲ ਵੱਲੋਂ ਕੀਤੀ ਗਈ ਅਪੀਲ ਨੂੰ ਹੁੰਗਾਰਾ ਦਿੰਦਿਆਂ ਕਾਰਕੁਨਾਂ ਨੇ ਭਰੋਸਾ ਦਿੱਤਾ ਕਿ ਉਹ ਪਹਿਲੀ ਜੁਲਾਈ ਤੋਂ ਸ਼ੁਰੂ ਹੋਏ ਸਫਾਈ ਮਹੀਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਨੂੰ ਸਮਰਥਨ ਦੇਣ ਤੋਂ ਇਲਾਵਾ ਖੁਦ ਆਪਣੇ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਨਗੇ।
ਸੈਨੇਟਰੀ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰੇਲੂ ਔਰਤਾਂ, ਕੰਮ ਵਾਲੀਆਂ, ਦੁਕਾਨਦਾਰਾਂ ਅਤੇ ਵਿਦਿਆਰਥੀਆਂ ਨੂੰ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਲੋੜ ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਚੰਗੀ ਸਿਹਤ ਲਈ ਸਫ਼ਾਈ ਦੀ ਅਹਿਮੀਅਤ ਬਾਰੇ ਜਾਗਰੂਕਤਾ ਫੈਲਾਉਣ ਲਈ ਰੁਟੀਨ ਵਿੱਚ ਸਮਾਗਮ ਕਰਵਾਏ ਜਾਂਦੇ ਹਨ ਪਰ ਜੁਲਾਈ ਮਹੀਨੇ ਦੌਰਾਨ ਇਸ ਮਿਸ਼ਨ ਵਿੱਚ ਵਿਸ਼ੇਸ਼ ਸਮੂਹਾਂ ਦੇ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਇੱਕ ਤਾਲਮੇਲ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਐਮਜੀਐਮਐਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸਫਾਈ ਮੁਹਿੰਮ ਦੇ ਬਰਾਂਡ ਐੰਬਸਡਰ ਵਜੋਂ ਕੰਮ ਕਰਨ ਦਾ ਐਲਾਨ ਕੀਤਾ ਸੀ।