ਸਰਕਾਰੀ ਸਕੂਲ ਚੀਮਾ ’ਚ ਵਿਦਿਆਰਥੀ ਸਨਮਾਨੇ
ਨੇੜਲੇ ਪਿੰਡ ਚੀਮਾ ਦੇ ਸਰਕਾਰੀ ਹਾਈ ਸਕੂਲ ਵਿੱਚ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ। ਸਾਬਕਾ ਸਰਪੰਚ ਨਾਹਰ ਸਿੰਘ ਸਿੱਧੂ ਯਾਦਗਾਰੀ ਸੰਸਥਾ ਵੱਲੋਂ ਐਡਵੋਕੇਟ ਕਰਮ ਸਿੰਘ ਨਾਲ ਮਿਲ ਕੇ ਕਰਵਾਏ ਇਸ ਸਮਾਗਮ ਵਿੱਚ ਛੇਵੀਂ ਤੋਂ ਦਸਵੀਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਸਨਮਾਨਿਆ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਵੈੱਲਫੇਅਰ ਅਤੇ ਸਪੋਰਟਸ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਚੀਮਾ ਨੇ ਆਖਿਆ ਕਿ ਸਰਪੰਚ ਨਾਹਰ ਸਿੰਘ ਸਿੱਧੂ ਜਦੋਂ ਸਰਪੰਚੀ ਦੀ ਚੋਣ ਜਿੱਤ ਜਾਂਦੇ ਸਨ ਤਾਂ ਉਹ ਆਪਣੇ ਵਿਰੋਧੀ ਉਮੀਦਵਾਰ ਦੇ ਗਲ਼ ਵਿੱਚ ਹਾਰ ਪਾ ਕੇ ਪਿੰਡ ਵਿੱਚੋਂ ਚੋਣਾਂ ਦੀ ਕੁੜੱਤਣ ਅਤੇ ਧੜੇਬੰਦੀ ਖ਼ਤਮ ਕਰ ਦਿੰਦੇ ਸਨ। ਇਸ ਨਾਲ ਜਿੱਥੇ ਪਿੰਡ ਦੀ ਭਾਈਚਾਰਕ ਸਾਂਝ ਕਾਇਮ ਰਹਿੰਦੀ ਸੀ, ਉਥੇ ਹੀ ਸਾਂਝੇ ਕੰਮ ਵੀ ਸੰਚਾਰੂ ਢੰਗ ਨਾਲ ਚੱਲਦੇ ਰਹਿੰਦੇ ਸਨ। ਹੁਣ ਵੀ ਪਿੰਡਾਂ ਵਿੱਚੋਂ ਧੜੇਬੰਦੀ ਖ਼ਤਮ ਕਰਕੇ ਅਤੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਕਾਰਜ ਕਰਨੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸ਼ਲਾਘਾਯੋਗ ਉਪਰਾਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦਾ ਚੰਗਾ ਮਾਰਗ ਦਰਸ਼ਨ ਹੋ ਸਕੇ। ਸਾਬਕਾ ਪੁਲੀਸ ਇੰਸਪੈਕਟਰ ਸੁਰਜੀਤ ਸਿੰਘ ਨੇ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ੁਰੂ ਕੀਤਾ ਗਿਆ ਪਾਠਕ੍ਰਮ ਸਰਕਾਰ ਦਾ ਵਧੀਆ ਫ਼ੈਸਲਾ ਹੈ। ਮੁੱਖ ਅਧਿਆਪਕਾ ਸੰਦੀਪ ਕੌਰ ਰੂਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਸੰਚਾਲਨ ਮਾ. ਸੰਜੀਵ ਥਾਪਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇਜਿੰਦਰ ਕੌਰ, ਰੀਟਾ ਸ਼ਰਮਾ, ਜਸਵੀਰ ਕੌਰ, ਮਾ. ਜਸਵਿੰਦਰ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਕਿਸਾਨ ਆਗੂ ਪਰਮਜੀਤ ਸਿੰਘ ਪੰਮੀ, ਪੰਚ ਸਵਰਨਜੀਤ ਸਿੰਘ ਸਿੱਧੂ, ਅਮਰਜੀਤ ਸਿੰਘ, ਨੰਬਰਦਾਰ ਜਗਦੇਵ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਲਖਵੀਰ ਸਿੰਘ ਦੇਹੜ, ਸੁੱਚਾ ਸਿੰਘ ਫੌਜੀ, ਜਗਰੂਪ ਸਿੰਘ ਮਠਾੜੂ, ਸਰਬਜੀਤ ਸਿੰਘ ਸਰਬੀ ਹਾਜ਼ਰ ਸਨ।