ਵਿਦਿਆਰਥੀ ਠੋਕਰਾਂ ਖਾਣ ਲਈ ਮਜਬੂਰ
ਪੀ ਏ ਯੂ ਨੂੰ ਸੋਹਣਾ ਬਣਾਉਣ ਅਤੇ ਵਿਭਾਗਾਂ ਦੇ ਨਵੀਨੀਕਰਨ ’ਤੇ ਕਰੋੜਾਂ ਰੁਪਏ ਖਰਚ ਹੋ ਰਹੇ ਹਨ ਪਰ ਵਿਦਿਆਰਥੀ ਫੀਸਾਂ ਭਰਨ ਦੇ ਬਾਵਜੂਦ ’ਚ ਟੁੱਟੀਆਂ ਸੜਕਾਂ ’ਤੇ ਠੋਕਰਾਂ ਖਾਣ ਲਈ ਮਜਬੂਰ ਹਨ। ’ਵਰਸਿਟੀ ਦੇ ਅਸਟੇਟ ਅਫਸਰ ਡਾ. ਆਰ ਆਈ ਐੱਸ ਗਿੱਲ ਅਨੁਸਾਰ ਇਹ ਸੜਕਾਂ ਮੰਡੀ ਬੋਰਡ ਵੱਲੋਂ ਬਣਾਈਆਂ ਜਾਂਦੀਆਂ ਹਨ। ਇਸ ਸੜਕ ਸਮੇਤ ਹੋਰਨਾਂ ਸੜਕਾਂ ਨੂੰ ਵੀ ਮੰਡੀ ਬੋਰਡ ਵੱਲੋਂ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ। ਪੀ ਏ ਯੂ ਦੀਆਂ ਮੁੱਖ ਸੜਕਾਂ ਥੋੜ੍ਹੀਆਂ ਜਿਹੀਆਂ ਖ਼ਰਾਬ ਹੋਣ ’ਤੇ ਹੀ ਮੁਰੰਮਤ ਕਰ ਦਿੱਤੀ ਜਾਂਦੀ ਹੈ ਜਾਂ ਉਨ੍ਹਾਂ ਨੂੰ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਪਰ ’ਵਰਸਿਟੀ ਵਿੱਚ ਹਾਲਾਂ ਵੀ ਕਈ ਅਜਿਹੀਆਂ ਲਿੰਕ ਸੜਕਾਂ ਹਨ ਜਿਨ੍ਹਾਂ ਦੀ ਹਾਲਤ ਤੋਂ ਲੱਗਦਾ ਹੈ ਕਿ ਇੱਥੇ ਕਈ ਸਾਲਾਂ ਤੋਂ ਮੁਰੰਮਤ ਤੱਕ ਵੀ ਨਹੀਂ ਕੀਤੀ ਗਈ। ਇਨ੍ਹਾਂ ਸੜਕਾਂ ਵਿੱਚੋਂ ਇੱਕ ਸੜਕ ਹੋਸਟਲ ਨੰਬਰ 1 ਅਤੇ ਹੋਸਟਲ ਨੰਬਰ 3 ਦੇ ਅੱਗੋਂ ਦੀ ਲੰਘਦੀ ਹੈ। ਇਸ ਸੜਕ ’ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ। ਹੋਸਟਲ ਵਿਦਿਆਰਥੀ ਮਜਬੂਰੀ ਬਸ ਪਿਛਲੇ ਕਈ ਮਹੀਨਿਆਂ ਤੋਂ ਇਸ ਟੁੱਟੀ ਸੜਕ ਤੋਂ ਲੰਘਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਇੰਨੇ ਸਮੇਂ ਦੌਰਾਨ ਕਿਸੇ ਵੀ ਅਧਿਕਾਰੀ ਦਾ ਧਿਆਨ ਇਸ ਸੜਕ ਵੱਲ ਨਹੀਂ ਗਿਆ। ਪੀ ਏ ਯੂ ਦੇ ਅਸਟੇਟ ਅਫਸਰ ਡਾ. ਆਰ ਆਈ ਐੱਸ ਗਿੱਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਕਤ ਸੜਕ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸੜਕ ਸਮੇਤ ਹੋਰ 15-16 ਕਿਲੋਮੀਟਰ ਸੜਕਾਂ ਦਾ ਟੈਂਡਰ ਹੋ ਗਿਆ ਹੈ ਅਤੇ ਆਉਂਦੇ ਇੱਕ ਮਹੀਨੇ ਤੱਕ ਇਸ ਸੜਕ ਨੂੰ ਵੀ ਠੀਕ ਕਰ ਦਿੱਤਾ ਜਾਵੇਗਾ।
