ਵਿਦਿਆਰਥੀਆਂ ਪੰਜਾਬੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ
ਅੱਜ ਇਥੋਂ ਦੇ ਏ.ਐਸ ਕਾਲਜ ਵਿੱਚ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਦੇ ਗਠਨ ਦਾ ਉਦਘਾਟਨ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਦਰਸਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਅਤੇ ਵਿਭਾਗ ਮੁੱਖ ਡਾ. ਰਾਜਪ੍ਰੀਤ ਕੌਰ ਨੇ ਪੰਜਾਬੀ ਸਾਹਿਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਡਾ. ਬਲਵਿੰਦਰ ਕੁਮਾਰ ਨੇ ਸਭਾ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਬੈਚ ਲਗਾ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਪੜ੍ਹਾਈ ਦੌਰਾਨ ਵੱਖ ਵੱਖ ਸਾਹਿਤਕਾਰਾਂ ਦੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕੋਲਾਜ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਕਰਨਪ੍ਰੀਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਜਾ ਅਤੇ ਹਰਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਸਾਹਿਤ ਪ੍ਰਤੀ ਪਿਆਰ ’ਤੇ ਵੀ ਕਵਿਤਾਵਾਂ, ਗੀਤ ਅਤੇ ਭਾਸ਼ਣ ਰਾਹੀਂ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਲਵਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਅਜੈ ਸੂਦ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।